ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਊਯਾਰਕ ਤੱਕ ਪਹੁੰਚੀ 450 ਸਾਲਾ ਵਿਰਾਸਤ ਦੀ ਗੂੰਜ, ਅਮਰੀਕੀ ਆਗੂਆਂ ਦੇ ਰੂਬਰੂ ਹੋਇਆ ‘ਅੰਮ੍ਰਿਤਸਰ-450’, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਰਾਸਤ ਨਾਲ ਜੋੜਿਆ ਭਵਿੱਖ ਦਾ ਸੁਪਨਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਬ੍ਰਾਂਡ ਅੰਬੈਸਡਰ ਐਡਵੋਕੇਟ ਸ. ਜਸਪ੍ਰੀਤ ਸਿੰਘ ਨੇ ਰੱਖਿਆ 450 ਸਾਲਾ ਸਮਾਗਮਾਂ ਦਾ ਖ਼ਾਕਾ ਜਿੱਥੇ ਪਹੁੰਚਿਆ ਅੰਮ੍ਰਿਤਸਰ-450 ਦਾ ਸੰਦੇਸ਼, ਉੱਥੇ ਗੂੰਜਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ

ਅੰਮ੍ਰਿਤਸਰ, 13 ਸਤੰਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ ਹੁਣ ਅਮਰੀਕਾ ਦੇ ਅਹਿਮ ਸਿਆਸੀ ਮੰਚਾਂ ਤੱਕ ਵੀ ਪਹੁੰਚ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਬ੍ਰਾਂਡ ਅੰਬੈਸਡਰ ਐਡਵੋਕੇਟ ਸ. ਜਸਪ੍ਰੀਤ ਸਿੰਘ ਨੇ ਨਿਊਯਾਰਕ ਵਿਖੇ ਅਮਰੀਕਾ ਦੇ ਪ੍ਰਮੁੱਖ ਸਿਆਸੀ ਆਗੂਆਂ ਨਾਲ ਮੁਲਾਕਾਤ ਦੌਰਾਨ ਯੂਨੀਵਰਸਿਟੀ ਦੀਆਂ ਅਕਾਦਮਿਕ, ਖੋਜ ਅਤੇ ਕੌਮਾਂਤਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਪਹਿਲ ‘ਅੰਮ੍ਰਿਤਸਰ-450’ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਅਮਰੀਕੀ ਪ੍ਰਤੀਨਿਧੀ ਸਭਾ ’ਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫਰੀਜ਼ ਵੱਲੋਂ ਕਰਵਾਏ ਗਏ ਡਿਨਰ ਦੌਰਾਨ ਸ. ਜਸਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਯਾਦਗਾਰ ਬਣਾਉਣ ਲਈ ਉਲੀਕੇ ਜਾ ਰਹੇ ਵੱਖ-ਵੱਖ ਅਕਾਦਮਿਕ, ਸੱਭਿਆਚਾਰਕ ਅਤੇ ਕੌਮਾਂਤਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ‘ਅੰਮ੍ਰਿਤਸਰ-450’ ਤਹਿਤ ਦੁਨੀਆ ਭਰ ਦੇ ਵਿਦਵਾਨਾਂ, ਵਿੱਦਿਅਕ ਸੰਸਥਾਵਾਂ, ਭਾਈਚਾਰਕ ਆਗੂਆਂ ਅਤੇ ਪੰਜਾਬੀ ਤੇ ਸਿੱਖ ਡਾਇਸਪੋਰਾ ਨੂੰ ਇੱਕ ਸਾਂਝੇ ਮੰਚ ’ਤੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਹਿਲ ਦਾ ਮਕਸਦ ਅੰਮ੍ਰਿਤਸਰ ਦੀ ਅਮੀਰ ਵਿਰਾਸਤ ਨੂੰ ਯਾਦ ਕਰਨ ਦੇ ਨਾਲ-ਨਾਲ ਸ਼ਹਿਰ ਦੇ ਭਵਿੱਖ ਲਈ ਵੀ ਇੱਕ ਦੂਰਦਰਸ਼ੀ ਦਿਸ਼ਾ ਤੈਅ ਕਰਨਾ ਹੈ।
ਡਿਨਰ ਦੌਰਾਨ ਸ. ਜਸਪ੍ਰੀਤ ਸਿੰਘ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਂਗਰਸ ਮੈਂਬਰ ਜੋਸ਼ ਗੌਟਹਾਈਮਰ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਸਿੱਖ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ, ਇਮੀਗ੍ਰੇਸ਼ਨ ਅਤੇ ਟਰੱਕ ਡਰਾਈਵਰਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸ. ਜਸਪ੍ਰੀਤ ਸਿੰਘ ਵੱਲੋਂ ਕੌਮਾਂਤਰੀ ਪੱਧਰ ’ਤੇ ਯੂਨੀਵਰਸਿਟੀ ਅਤੇ ਅੰਮ੍ਰਿਤਸਰ-450 ਦਾ ਸੰਦੇਸ਼ ਪਹੁੰਚਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਵੱਸਦਾ ਪੰਜਾਬੀ ਅਤੇ ਸਿੱਖ ਭਾਈਚਾਰਾ ਅੰਮ੍ਰਿਤਸਰ-450 ਦਾ ਅਹਿਮ ਹਿੱਸਾ ਬਣ ਸਕਦਾ ਹੈ।
ਉਪ-ਕੁਲਪਤੀ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਇੱਥੇ ਵੱਸਣ ਵਾਲੇ ਲੋਕਾਂ ਦਾ ਸ਼ਹਿਰ ਨਹੀਂ, ਸਗੋਂ ਇਸ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਦੀ ਗੂੰਜ ਪੂਰੀ ਦੁਨੀਆ ’ਚ ਸੁਣਾਈ ਦਿੰਦੀ ਹੈ। ਅੰਮ੍ਰਿਤਸਰ-450 ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਹਿਰ ਦੀ ਵਿਲੱਖਣ ਵਿਰਾਸਤ ਨੂੰ ਖੋਜ, ਸੰਵਾਦ, ਸੇਵਾ ਅਤੇ ‘ਸਰਬੱਤ ਦਾ ਭਲਾ’ ਦੀ ਭਾਵਨਾ ਨਾਲ ਜੋੜਦਿਆਂ ਭਵਿੱਖਮੁਖੀ ਦ੍ਰਿਸ਼ਟੀ ਪੇਸ਼ ਕਰਨ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਕੌਮਾਂਤਰੀ ਮੁਲਾਕਾਤਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੱਧਰ ’ਤੇ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਸਾਲ ਭਰ ਚੱਲਣ ਵਾਲੀ ਅੰਮ੍ਰਿਤਸਰ-450 ਮੁਹਿੰਮ ਨਾਲ ਦੁਨੀਆ ਭਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਭਾਗੀਦਾਰੀ ਵੀ ਵਧੇਗੀ।





