ਗਊ ਸੈਸ ਦੇ ਨਾਂ ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਸੜਕਾਂ ਤੇ ਘੁੰਮ ਰਹੇ ਹਨ ਪਸ਼ੂ: ਡਿੰਪੀ ਚੌਹਾਨ

ਅੰਮ੍ਰਿਤਸਰ, 11 ਫਰਵਰੀ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਤੇ ਆਪ ਨੇਤਾ ਅਸ਼ੋਕ ਡਿੰਪੀ ਚੌਹਾਨ ਨੇ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਵੱਲੋਂ ਗੋਪਾਲ ਨਗਰ ਵਿੱਚ ਬੁਲਾਈ ਗਈ ਇੱਕ ਬੈਠਕ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਜ਼ਿਲੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸਰਦੀਆਂ ਦੇ ਵਿੱਚ ਧੁੰਦ ਦੇ ਕਾਰਨ ਇਹ ਖਤਰਾ ਹੋਰ ਵੀ ਵੱਧ ਗਿਆ ਹੈ। ਸੜਕਾਂ ਤੇ ਖੜੇ ਅਤੇ ਬੈਠੇ ਪਸ਼ੂ ਧੁੰਦ ਕਾਰਨ ਨਜ਼ਰ ਨਹੀਂ ਆਉਂਦੇ। ਇਸ ਕਾਰਨ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਸਬੰਧੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੁਆਰਾ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਡਿੰਪੀ ਚੌਹਾਨ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਪਹਿਲਾਂ 2016 ਤੋਂ ਗਊ ਸੈਸ ਦੇ ਰੂਪ ਵਿੱਚ ਲੋਕਾਂ ਤੋਂ ਟੈਕਸ ਲਿਆ ਜਾ ਰਿਹਾ ਹੈ। ਇਹ ਟੈਕਸ ਸਭ ਤੋਂ ਪਹਿਲਾਂ ਪੈਟਰੋਲ, ਡੀਜ਼ਲ, ਅੰਗਰੇਜ਼ੀ, ਦੇਸੀ ਸ਼ਰਾਬ, ਸੀਮਟ, ਬਿਜਲੀ ਬਿੱਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਤੇ ਲਗਾਇਆ ਜਾ ਰਿਹਾ ਸੀ। ਉਸ ਸਮੇਂ ਟੈਕਸ ਲਗਾਉਂਦੇ ਹੋਏ ਸਰਕਾਰ ਦਾ ਇਹ ਤਰਕ ਸੀ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਇਹ ਟੈਕਸ ਲਗਾਇਆ ਜਾ ਰਿਹਾ ਹੈ।
ਇਸ ਟੈਕਸ ਤੋਂ ਇਕੱਠੇ ਹੋਏ ਰੁਪਈਆਂ ਨਾਲ ਗਊਸ਼ਾਲਾਵਾਂ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸੁਰੱਖਿਅਤ ਪਸ਼ੂਆਂ ਨੂੰ ਸੜਕਾਂ ਤੇ ਗਲੀਆਂ ਤੋਂ ਹਟਾਇਆ ਜਾਵੇਗਾ। ਡਿੰਪੀ ਚੌਹਾਨ ਨੇ ਕਿਹਾ ਕਿ ਗਊ ਸੈਸ ਦੇ ਨਾਮ ਤੋਂ ਇਕੱਠੇ ਹੋਏ ਰੁਪਿਆ ਦੇ ਨਾਲ ਕੋਈ ਵੀ ਨਵੀਂ ਗਊਸ਼ਾਲਾ ਨਹੀਂ ਖੋਲੀ ਗਈ। ਉਹਨਾਂ ਨੇ ਕਿਹਾ ਕਿ ਅੱਜ ਵੀ ਕਈ ਅਵਾਰਾ ਪਸ਼ੂ ਗਲੀਆਂ ਮੁਹੱਲਿਆਂ ਦੇ ਵਿੱਚ ਫਿਰਦੇ ਹਨ, ਜਿਨਾਂ ਤੋਂ ਬੱਚਿਆਂ ਨੂੰ ਵੀ ਬਹੁਤ ਖਤਰਾ ਹੁੰਦਾ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਹਨਾਂ ਦਾ ਸੁਰੱਖਿਆ ਪ੍ਰਬੰਧ ਕੀਤਾ ਜਾਵੇ। ਇਸ ਮੀਟਿੰਗ ਦੇ ਵਿੱਚ ਰਮਨ ਲੂਥਰਾ, ਸਿੰਪਲ ਚੌਹਾਨ, ਗੋਲਡੀ ਲੂਥਰਾ, ਸੰਦੀਪ ਸ਼ਰਮਾ, ਜੀਵਨ ਅਰੋੜਾ, ਸ਼ੰਕਰ ਅਰੋੜਾ, ਰਾਕੇਸ਼ ਖੰਨਾ, ਵਿਸ਼ਾਲ ਸ਼ਰਮਾ ਵੀ ਮੌਜੂਦ ਸਨ।



