AmritsarE-Paper‌Local News
Trending

ਰਾਹੁਲ ਨੂੰ ਪਾਸੇ ਕਰਕੇ ਕਾਂਗਰਸ ਨੇ ਕੀ ਖੱਟਿਆ ਤੇ ਸੁਖਬੀਰ ਨੂੰ ਪਾਸੇ ਕਰਕੇ ਅਕਾਲੀ ਦਲ ਕੀ ਖੱਟ ਲਵੇਗਾ?- ਪ੍ਰੋ. ਸਰਚਾਂਦ ਸਿੰਘ

ਮੌਜੂਦਾ ਵਰਤਾਰੇ ’ਚ ਅਕਾਲੀ ਦਲ ਦੀ ਹੋਂਦ ਹਸਤੀ ਅਤੇ ਨਿਆਰੇਪਣ ਦੀ ਪ੍ਰਸੰਗਿਕਤਾ ਨੂੰ ਨਜ਼ਰ ਅੰਦਾਜ਼ ਕਰਨ ’ਤੇ ਚਿੰਤਾ ਪ੍ਰਗਟਾਈ

ਅੰਮ੍ਰਿਤਸਰ, 1 ਦਸੰਬਰ 2024 (ਅਭਿਨੰਦਨ ਸਿੰਘ)

ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਜਾ ਰਹੀ ਸੁਣਵਾਈ ਦੌਰਾਨ ਅਕਾਲੀ ਦਲ ਦੀ ਹੋਂਦ ਹਸਤੀ, ਵਿਲੱਖਣਤਾ ਅਤੇ ਨਿਆਰੇਪਣ ਦੀ ਬਹਾਲੀ ਪ੍ਰਤੀ ਅਣਹੋਂਦ ’ਤੇ ਚਿੰਤਾ ਪ੍ਰਗਟ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਦਲ ਕੇਵਲ ਇੱਕ ਰਾਜਨੀਤਿਕ ਪਾਰਟੀ ਨਹੀਂ, ਇਹ ਪੰਜਾਬ ਦੀ ਖ਼ਾਸ ਕਰਕੇ ਸਿੱਖਾਂ ਦੀ ਸਿਆਸੀ ਜਮਾਤ ਹੈ। ਅਕਾਲੀ, ਇੱਕ ਸੋਚ ਤੇ ਚੇਤਨਾ ਹੈ ਜੋ ਪੰਜਾਬੀਆਂ ਅਤੇ ਸਿੱਖ ਮਨ ਸਿਮ੍ਰਿਤੀਆਂ ਵਿੱਚ ਰਮਿਆ ਹੋਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਵਰਤਾਰਾ ਅਕਾਲੀ ਦਲ ਦੀ ਹੋਂਦ ਹਸਤੀ ਅਤੇ ਨਿਆਰੇਪਣ ਦੀ ਪ੍ਰਸੰਗਿਕਤਾ ਨੂੰ ਜਗਾਉਣ ਦੀ ਥਾਂ ਕੇਵਲ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਦੌਰਾਨ ਕੀਤੀਆਂ ਗਈਆਂ ਗੁਨਾਹਾਂ ਨੂੰ ਜਲਦੀ ਸਜ਼ਾ ਲਗਾ ਕੇ ਫ਼ਾਰਗ ਕੀਤੇ ਜਾਣ ਤੱਕ ਹੀ ਸੀਮਤ ਹੈ, ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਕੌਮ ਲਈ ਇੱਕ ਵੱਡੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਵਾਲ ਪੈਦਾ ਹੁੰਦਾ ਹੈ ਕਿ ਜਿਵੇਂ ਮਲਕਾ ਅਰਜਨ ਖੜਗੇ ਨੂੰ ਪਾਰਟੀ ਪ੍ਰਧਾਨ ਬਣਾ ਕੇ ਅਤੇ ਰਾਹੁਲ ਗਾਂਧੀ ਨੂੰ ਪਾਸੇ ਕਰਕੇ ਕੀ ਖੱਟਿਆ? ਕਿਉਂਕਿ ਪਾਰਟੀ ਦੇ ਸਾਰੇ ਅਹਿਮ ਫ਼ੈਸਲੇ ਤਾਂ ਗਾਂਧੀ ਪਰਿਵਾਰ ਵੱਲੋਂ ਹੀ ਲਏ ਜਾ ਰਹੇ ਹਨ, ਇਸੇ ਤਰ੍ਹਾਂ ਹੀ ਅਕਾਲੀ ਦਲ ਵਿੱਚੋਂ ਸੁਖਬੀਰ ਬਾਦਲ ਨੂੰ ਪਾਸੇ ਕਰ ਵੀ ਦਿੱਤਾ ਜਾਵੇ ਤਾਂ ਅਕਾਲੀ ਦਲ ਕੀ ਖੱਟ ਲਵੇਗਾ? ਕਿਉਂਕਿ ਪਰਦੇ ਪਿੱਛੇ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਹੀ ਪਾਰਟੀ ਚਲਾ ਰਿਹਾ ਹੋਵੇਗਾ। ਸੱਤਾ ਦੌਰਾਨ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਲਏ ਗਏ ਫ਼ੈਸਲਿਆਂ ਕਾਰਨ ਪੰਥ ਦੀ ਨਬਜ਼ ਨੂੰ ਜਾਣਨ ਵਾਲਾ ਕੋਈ ਵੀ ਵਿਅਕਤੀ ਬਿਨਾ ਝਿਜਕ ਕਹਿ ਸਕਦਾ ਹੈ ਕਿ ਸੁਖਬੀਰ ਬਾਦਲ ’ਤੇ ਮੁੜ ਭਰੋਸਾ ਕਰਨਾ ਗੁਰੂ ਪੰਥ ਲਈ ਸੰਭਵ ਨਹੀਂ ਹੈ।  ਹਾਲ ਹੀ ਵਿੱਚ ਚਾਰ ਵਿਧਾਨ ਸਭਾ ਸੀਟਾਂ ਹੋਈਆਂ ਉਪ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ’ਜਰਨੈਲ’ ਬਾਝੋਂ ਚੋਣ ਲੜਣ ਤੋਂ ਅਸਮਰਥਾ ਸਾਬਤ ਕਰਦੀ ਹੈ ਕਿ ਅੱਜ ਅਕਾਲੀ ਦਲ ਵਿੱਚ ਲੀਡਰਸ਼ਿਪ ਦਾ ਖ਼ਲਾਅ ਪੈਦਾ ਹੋ ਚੁੱਕਾ ਹੈ। ਹੁਣ ਜਦੋਂ ਕਿ 100 ਸਾਲ ਤੋਂ ਵੱਧ ਪੁਰਾਣੀ ਜਥੇਬੰਦੀ, ਜਿਸ ਉੱਤੇ ਪਿਛਲੇ ਤਿੰਨ ਦਹਾਕਿਆਂ ਤੋਂ ਬਾਦਲ ਪਰਿਵਾਰ ਨੇ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੋਵੇ ਅਤੇ ਅੱਜ ਵਿਧਾਨ ਸਭਾ ਵਿੱਚ ਕੇਵਲ ਦੋ ਸੀਟਾਂ ਉੱਤੇ ਸੀਮਤ ਰਹਿ ਗਈ ਹੋਵੇ, ਅਜਿਹੀ ਸਥਿਤੀ ’ਚ ਗੁਰੂ ਪੰਥ ਦੇ ਸਾਹਮਣੇ ਪੰਥ ਅਤੇ ਪੰਜਾਬ ਦੇ ਹਿੱਤਾਂ ਤੇ ਸਰੋਕਾਰਾਂ ਪ੍ਰਤੀ ਨਵੀਂ ਪਹੁੰਚ ਅਤੇ ਪਹਿਲ ਕਦਮੀ ਕਰਨ ਦੀ ਲੋੜ ਹੈ, ਨਾ ਕਿ ਵੇਲਾ ਵਿਹਾਰ ਚੁੱਕੇ ਨੁਸਖ਼ਿਆਂ ’ਤੇ ਮੁੜ ਟੇਕ ਰੱਖ ਕੇ ਚੱਲਣ ਦੀ। ਅੱਜ ਸਿੱਖ ਕੌਮ ਲਈ ਸੁਖਬੀਰ ਸਿੰਘ ਬਾਦਲ ਕੋਈ ਵਿਸ਼ਾ ਨਹੀਂ ਪਰ ਅਕਾਲੀ ਦਲ ਹੈ । ਮੌਜੂਦਾ ਵਰਤਾਰਿਆਂ ’ਚ ਅਕਾਲੀ ਦਲ ਦੀ ਮਜ਼ਬੂਤੀ ਦੇ ਵਿਸ਼ੇ ਉੱਤੇ ਕੋਈ ਚਰਚਾ ਨਹੀਂ ਹੋਈ ।  ਅਕਾਲੀ ਦਲ ਦੀ ਹੋਂਦ ਹਸਤੀ ਅਤੇ ਮੁੜ ਸੁਰਜੀਤੀ ਲਈ ਸੁਹਿਰਦ ਯਤਨਾਂ ਦੀ ਲੋੜ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਸ਼ ਅਤੇ ਸਮੁੱਚੇ ਵਿਸ਼ਵ ਤੋਂ ਪੰਥ ਪ੍ਰਸਤ ਗੁਰਸਿੱਖ ਵਿਦਵਾਨਾਂ, ਸਿਆਸੀ ਆਗੂਆਂ, ਸਿਆਸੀ ਮਾਹਿਰਾਂ, ਸਿੱਖ ਜਥੇਬੰਦੀਆਂ ਦੇ ਕਾਬਲ ਨੁਮਾਇੰਦਿਆਂ ਦੀ ਇੱਕ ਮਰਿਆਦਾ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਸਕੇ। ਜਿਸ ’ਤੇ ਵਿਚਾਰ ਕਰਨ ਉਪਰੰਤ ਸਿੱਖ ਪੰਥ ਨੂੰ ਅਕਾਲੀ ਦਲ ਦੇ ਰੂਪ ’ਚ ਇਕ ਮਜ਼ਬੂਤ ਸਿਆਸੀ ਜਮਾਤ ਦਿੱਤੀ ਜਾ ਸਕਦੀ ਹੈ।

admin1

Related Articles

Back to top button