ਅੰਮ੍ਰਿਤਸਰ ‘ਚ ਏ.ਡੀ.ਸੀ.ਪੀ ਟ੍ਰੈਫਿਕ ਵੱਲੋਂ ਸਕੂਲ ਬੱਸ ਡਰਾਈਵਰਾਂ ਨਾਲ ਵਿਸ਼ੇਸ਼ ਮੀਟਿੰਗ, ਟਰੈਫਿਕ ਨਿਯਮਾਂ ਦੀ ਪਾਲਣਾ ਦੀ ਅਪੀਲ
ਅੰਮ੍ਰਿਤਸਰ,18 ਅਪ੍ਰੈਲ 2025 (ਅਭਿਨੰਦਨ ਸਿੰਘ)
ਅੰਮ੍ਰਿਤਸਰ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਆਫ ਪੁਲਿਸ (ਟਰੈਫਿਕ) ਵੱਲੋਂ ਅੱਜ ਇੱਕ ਵਿਸ਼ੇਸ਼ ਮੁਲਾਕਾਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਸ ਡਰਾਈਵਰਾਂ ਨੂੰ ਸ਼ਾਮਿਲ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਏ.ਡੀ.ਸੀ.ਪੀ. ਟ੍ਰੈਫਿਕ ਨੇ ਸਕੂਲਾਂ ਦੀ ਛੁੱਟੀ ਤੋਂ ਬਾਅਦ ਲੱਗਣ ਵਾਲੇ ਟਰੈਫਿਕ ਜਾਮ ਤੇ ਚਿੰਤਾ ਜਤਾਈ ਅਤੇ ਇਸਨੂੰ ਕਿਵੇਂ ਘਟਾਇਆ ਜਾ ਸਕਦਾ ਹੈ, ਇਸ ਬਾਰੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਨੇ ਡਰਾਈਵਰਾਂ ਨੂੰ ਸਖ਼ਤ ਤੌਰ ‘ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ ਜੇਕਰ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਸ ਵਿਰੁੱਧ ਜੁਰਮਾਨਾ ਲਗਾਇਆ ਜਾਵੇਗਾ ਜਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਨੇ ਸੜਕਾਂ ‘ਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲੀ ਤਰਜੀਹ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਡਰਾਈਵਰਾਂ ਨੂੰ ਸਾਵਧਾਨੀ ਨਾਲ ਡਰਾਈਵ ਕਰਨ ਦੀ ਅਪੀਲ ਕੀਤੀ।
ਪੁਲਿਸ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਹਿਰੀ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
