ਅੰਮ੍ਰਿਤਸਰ ਵਿੱਚ ਟਰੈਫਿਕ ਜਾਮ ਖ਼ਿਲਾਫ਼ ਵੱਡੀ ਕਾਰਵਾਈ, ਨਜਾਇਜ਼ ਇੰਨਕਰੋਚਮੈਂਟ ਹਟਾਈ, ਚਲਾਨ ਜਾਰੀ
ਅੰਮ੍ਰਿਤਸਰ, 29 ਦਸੰਬਰ 2025 (ਅਭਿਨੰਦਨ ਸਿੰਘ)
ਸ਼ਹਿਰ ਵਿੱਚ ਵਧ ਰਹੀ ਟਰੈਫਿਕ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਡੀ ਕਾਰਵਾਈ ਅਮਲ ਵਿੱਚ ਲਿਆਈ ਗਈ। ਇਸ ਮੁਹਿੰਮ ਦੀ ਅਗਵਾਈ ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ), ਅੰਮ੍ਰਿਤਸਰ ਵੱਲੋਂ ਟਰੈਫਿਕ ਜੋਨ ਇੰਚਾਰਜਾਂ ਦੇ ਸਹਿਯੋਗ ਨਾਲ ਕੀਤੀ ਗਈ।
ਕਾਰਵਾਈ ਦੌਰਾਨ ਛੇਹਰਟਾ ਬਜਾਰ, ਪੁਤਲੀਘਰ ਬਜਾਰ, ਰੇਲਵੇ ਸਟੇਸ਼ਨ, ਲਿਬਰਟੀ ਮਾਰਕੀਟ ਤੋਂ ਦੋਆਬਾ ਚੌਕ ਤੱਕ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋਂ ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੀਆਂ ਗਈਆਂ ਨਜਾਇਜ਼ ਇੰਨਕਰੋਚਮੈਂਟਾਂ ਨੂੰ ਹਟਾਇਆ ਗਿਆ, ਤਾਂ ਜੋ ਆਵਾਜਾਈ ਸੁਚੱਜੀ ਬਣ ਸਕੇ ਅਤੇ ਆਮ ਲੋਕਾਂ ਨੂੰ ਰਾਹਤ ਮਿਲੇ।
ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਦਿਆਂ ਕਾਲੀ ਫਿਲਮ, ਬੁਲਟ ਪਟਾਕੇ, ਟ੍ਰਿਪਲ ਰਾਈਡਿੰਗ ਸਮੇਤ ਹੋਰ ਉਲੰਘਣਾਵਾਂ ਲਈ ਚਲਾਨ ਕੀਤੇ ਗਏ। ਟਰੈਫਿਕ ਪੁਲਿਸ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਫੁੱਟਪਾਥਾਂ ਨੂੰ ਖੁੱਲ੍ਹਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਸੁਚੱਜੀ ਬਣੀ ਰਹੇ।



