ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ 02 ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ, 20 ਦਸੰਬਰ 2025 (ਅਭਿਨੰਦਨ ਸਿੰਘ)
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਨੇ ਕਾਰਵਾਈ ਕਰਦਿਆਂ 04 ਪਿਸਟਲ, 24 ਜਿੰਦਾ ਰੌਂਦ, 01 ਕਿੱਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਜੋਬਨ ਪੁੱਤਰ ਅਵਤਾਰ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਬੂਟਾ ਸਿੰਘ, ਦੋਵੇਂ ਵਾਸੀ ਪਿੰਡ ਜੋਂਸ ਮੁਹਾਰ, ਥਾਣਾ ਅਜਨਾਲਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮਾਣਯੋਗ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਅਦਿੱਤਿਆ ਵਾਰੀਅਰ ਆਈ.ਪੀ.ਐਸ., ਐਸ.ਪੀ.(ਡੀ) ਅਤੇ ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ.(ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਸਪੈਸ਼ਲ ਸੈੱਲ ਦੀ ਟੀਮ ਨਵੇਂ ਬਣ ਰਹੇ ਪੁੱਲ ਨੇੜੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ ਕਿ ਇਸ ਦੌਰਾਨ ਪਿੰਡ ਖੁਰਮਾਣੀਆ ਵੱਲੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਪੁਲਿਸ ਨੇ 02 ਗਲੌਕ ਪਿਸਟਲ (9 ਐਮਐਮ), 02 ਪਿਸਟਲ (.30 ਬੋਰ), 24 ਜਿੰਦਾ ਰੌਂਦ (20 .30 ਬੋਰ ਅਤੇ 04 9 ਐਮਐਮ), 01 ਕਿੱਲੋ ਅਫੀਮ, 25 ਗ੍ਰਾਮ ਹੈਰੋਇਨ, 02 ਮੋਬਾਇਲ ਫੋਨ ਅਤੇ 01 ਮੋਟਰਸਾਈਕਲ ਬਰਾਮਦ ਕੀਤੀ।
ਇਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰਬਰ 331 ਮਿਤੀ 18.12.2025 ਨੂੰ ਧਾਰਾਵਾਂ 18/21/25/29/61/85 ਐਨ.ਡੀ.ਪੀ.ਐਸ. ਐਕਟ ਅਤੇ 25(8)-54-59 ਅਸਲਾ ਐਕਟ ਤਹਿਤ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।



