ਡਿਪਟੀ ਕਮਿਸ਼ਨਰ ਵੱਲੋਂ ਅਟਾਰੀ ਦਾਣਾ ਮੰਡੀ ਦੀ ਅਚਨਚੇਤ ਚੈਕਿੰਗ, ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ,24 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਰਹੱਦੀ ਖੇਤਰ ਅਟਾਰੀ ਵਿਖੇ ਸਥਿਤ ਅਨਾਜ ਮੰਡੀ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਕਣਕ ਦੀ ਖਰੀਦ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। ਉਹਨਾਂ ਨੇ ਇਸ ਮੌਕੇ ਮੰਡੀ ਵਿੱਚ ਖਰੀਦ ਕਰ ਰਹੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਖਰੀਦ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਹਨਾਂ ਨੇ ਕਿਹਾ ਕਿ ਕਣਕ ਦੀ ਫਸਲ ਇਸ ਵਾਰ ਮੌਸਮ ਖੁਸ਼ਕ ਰਹਿਣ ਕਾਰਨ ਬਹੁਤ ਵਧੀਆ ਆ ਰਹੀ ਹੈ, ਸੋ ਨਮੀ ਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਨੂੰ ਰਾਤ ਸਮੇਂ 7 ਵਜੇ ਤੋਂ ਬਾਅਦ ਸਵੇਰੇ 7 ਵਜੇ ਤੋਂ ਪਹਿਲਾਂ ਕਟਾਈ ਨਾ ਕਰਨ ਤਾਂ ਜੋ ਕਣਕ ਦੀ ਨਮੀ ਘੱਟ ਰਹੇ ਅਤੇ ਉਹਨਾਂ ਦੀ ਖਰੀਦ ਮੰਡੀ ਵਿੱਚ ਆਉਂਦੇ ਹੀ ਕਰ ਲਈ ਜਾਵੇ।
ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਕਿਸਾਨ ਜਿਸ ਦਿਨ ਵੀ ਮੰਡੀ ਵਿੱਚ ਫਸਲ ਲੈ ਕੇ ਆਵੇ ਉਸ ਦਿਨ ਹੀ ਉਸ ਦੀ ਕਣਕ ਦੀ ਖਰੀਦ ਕਰ ਲਈ ਜਾਵੇ ਅਤੇ 48 ਘੰਟਿਆਂ ਦੇ ਵਿੱਚ ਵਿੱਚ ਉਸ ਨੂੰ ਫਸਲ ਦੀ ਅਦਾਇਗੀ ਉਸਦੇ ਬੈਂਕ ਖਾਤੇ ਵਿੱਚ ਕਰ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਬਿਨਾਂ ਕਿਸੇ ਵਿਘਨ ਦੇ ਜਾਰੀ ਹੈ, ਸਾਰੀਆਂ ਏਜੰਸੀਆਂ ਸਾਰੀਆਂ ਮੰਡੀਆਂ ਦੇ ਵਿੱਚ ਖਰੀਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਇੱਕ ਥਾਵਾਂ ਉੱਤੇ ਨਿੱਜੀ ਵਪਾਰੀ ਵੀ ਕਣਕ ਦੀ ਖਰੀਦ ਕਰ ਰਹੇ ਹਨ। ਕਣਕ ਦੀ ਲਿਫਟਿੰਗ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਲਿਫਟਿੰਗ ਦਾ ਕੰਮ ਸਾਰੀਆਂ ਮੰਡੀਆਂ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ ਅਤੇ ਲਿਫਟਿੰਗ ਵੀ ਨਾਲੋਂ ਨਾਲ ਕੀਤੀ ਜਾਵੇਗੀ ਤਾਂ ਜੋ ਮੰਡੀ ਵਿੱਚ ਕਣਕ ਦੇ ਅੰਬਾਰ ਨਾ ਲੱਗਣ।