ਮਿਸ਼ਨ ਚੜ੍ਹਦੀ ਕਲਾ ਮੁਹਿੰਮ ਤਹਿਤ, ਘੁਮਰਾਏ ਪਿੰਡ ਵਿਖੇ ਲੋੜਵੰਦਾਂ ਨੂੰ 175 ਬਿਸਤਰੇ ਅਤੇ ਸੂਟ ਵੰਡੇ ਗਏ

ਅੰਮ੍ਰਿਤਸਰ, 6 ਅਕਤੂਬਰ 2025 (ਅਭਿਨੰਦਨ ਸਿੰਘ)
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਚਲਾਏ ਜਾ ਰਹੇ ਮਿਸ਼ਨ ਚੜ੍ਹਦੀ ਕਲਾ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਮੁਹਿੰਮ ਵਿੱਚ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਲੋਕ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾ ਸਕੇ।
ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਏ ਜਾ ਰਹੇ ਸਾਂਝਾ ਉਪਰਾਲਾ ਮਿਸ਼ਨ ਤਹਿਤ ਅੱਜ ਅਜਨਾਲਾ ਤਹਿਸੀਲ ਦੇ ਪੈਂਦੇ ਪਿੰਡ ਘੁਮਰਾਏ ਵਿਖੇ ਲੋੜਵੰਦਾਂ ਨੂੰ ਬਿਸਤਰੇ ਅਤੇ ਸੂਟਾਂ ਦੀ ਵੰਡ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਸੰਧੂ ਜਿਲ੍ਹਾ ਗਾਈਡੈਂਸ ਕੌਂਸਲਰ ਨੇ ਦੱਸਿਆ ਕਿ ਤਿੰਨ ਸਤੰਬਰ ਤੋਂ ਉਹਨਾਂ ਦੀ ਟੀਮ ਲਗਾਤਾਰ ਹੜ ਪੀੜਤ ਏਰੀਏ ਵਿੱਚ ਸੇਵਾ ਕਰ ਰਹੀ ਹੈ। ਸਭ ਤੋਂ ਪਹਿਲਾਂ ਰਾਸ਼ਨ ਵੰਡਣ ਦੀ ਸੇਵਾ ਕੀਤੀ ਗਈ, ਇਸ ਉਪਰੰਤ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਰਮਦਾਸ ਦੇ ਪਾਸ ਪਿੰਡ ਅੜਾਇਆ ਵਿਖੇ ਚਾਰ ਪਰਿਵਾਰਾਂ ਨੂੰ ਬਿਸਤਰੇ ਅਤੇ ਲੌੜੀਦੇ ਪਰਿਵਾਰ ਦੇ ਕੱਪੜਿਆਂ ਦੀ ਵੰਡ ਕੀਤੀ ਗਈ । ਇਸੇ ਪ੍ਰਕਾਰ ਪੱਬਾਰਾਲੀ ਦੇ ਛੇ ਪਰਿਵਾਰਾਂ ਨੂੰ ਬਿਸਤਰੇ ਅਤੇ ਲੋੜੀਂਦਾ ਸਮਾਨ ਵੰਡਿਆ ਗਿਆ। ਇਸੇ ਕੜੀ ਵਜੋਂ ਅਖੰਡ ਪਰਮ ਧਾਮ ਆਸ਼ਰਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੰਡ ਨੰਗਲ ਸੋਹਲ ਵਿਖੇ 450 ਬਿਸਤਰਿਆਂ ਦੇ ਵੰਡ ਦਾ ਕਾਰਜ ਕੀਤਾ ਗਿਆ।
ਇਸ ਮੌਕੇ ਅਖੰਡ ਪਰਮ ਧਾਮ ਆਸ਼ਰਮ ਦੇ ਅੰਮ੍ਰਿਤਸਰ ਇਕਾਈ ਦੇ ਮੁਖੀ ਡਾ. ਸਵਾਮੀ ਅਨੰਤਾਨੰਦ ਜੀ ਹਾਜਰ ਸਨ । ਇਸ ਵੰਡ ਵਿੱਚ ਨਾਮਧਾਰੀ ਸੰਸਥਾ ਇਸਤਰੀ ਵਿੰਗ, ਐਨਸੀਸੀ ਫਸਟ ਪੰਜਾਬ ਬਟਾਲੀਅਨ ਅੰਮ੍ਰਿਤਸਰ ਦੇ ਐਨਸੀਸੀ ਕੈਡਿਟਾ, ਸਰਕਾਰੀ ਹਾਈ ਸਕੂਲ ਨੰਗਲ ਸੋਹਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸੰਸਥਾ ਦੇ ਵਲੰਟੀਅਰਾਂ ਨੇ ਅਹਿਮ ਰੋਲ ਅਦਾ ਕੀਤਾ। ਬਿਸਤਰਿਆ ਦੀ ਵੰਡ ਤੋਂ ਪਹਿਲਾਂ ਸਾਰੇ ਪਿੰਡ ਦਾ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਸਲਿੱਪਾਂ ਦੀ ਵੰਡ ਕੀਤੀ ਗਈ ਇਸ ਨਾਲ ਬਿਸਤਰੇ ਵੰਡਣ ਦਾ ਕਾਰਜ ਬਹੁਤ ਹੀ ਆਸਾਨੀ ਨਾਲ ਹੋ ਗਿਆ।
ਇਸੇ ਕੜੀ ਵਜੋਂ ਅੱਜ ਬ੍ਰਿਗੇਡੀਅਰ ਜੇ.ਐਸ ਅਰੋੜਾ ਦੇ ਸਹਿਯੋਗ ਨਾਲ ਪਿੰਡ ਘੁੰਮਰਾਏ ਵਿਖੇ ਘਰ ਘਰ ਸਰਵੇ ਕਰਨ ਉਪਰੰਤ ਲਗਭਗ 175 ਬਿਸਤਰਿਆ ਤੇ ਸੂਟਾਂ ਦੀ ਵੰਡ ਕੀਤੀ ਗਈ। ਇਸ ਕਾਰਜ ਨੂੰ ਨੇਪੜੇ ਚਾੜਨ ਲਈ ਨਾਮਧਾਰੀ ਸੰਸਥਾ ਇਸਤਰੀ ਵਿੰਗ, ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨਸੀਸੀ ਕੈਡਿਟਾ, ਸ੍ਰੀ ਸਤੀਸ਼ ਕੁਮਾਰ ਸਾਬਕਾ ਡਿਪਟੀ ਜ਼ਿਲਾ ਸਿੱਖਿਆ ਅਫਸਰ ਅੰਮ੍ਰਿਤਸਰ, ਸਾਬਕਾ ਫੌਜੀ, ਸਰਕਾਰੀ ਐਲੀਮੈਂਟਰੀ ਸਕੂਲ ਘੁਮਰਾਏ ਦੇ ਸਟਾਫ ਮੈਂਬਰਾਂ ਨੇ ਅਹਿਮ ਯੋਗਦਾਨ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਪਿੰਡ ਰੂੜੇਵਾਲ ਦਾ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਜਲਦੀ ਹੀ ਇੱਥੇ ਵੀ ਬਿਸਤਰਿਆਂ ਦੀ ਵੰਡ ਕੀਤੀ ਜਾਵੇਗੀ।
ਬਿਸਤਰਾਂ ਦੀ ਵੰਡ ਤੋਂ ਇਲਾਵਾ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਬਾਉਲੀ, ਸਰਕਾਰੀ ਐਲੀਮੈਂਟਰੀ ਸਕੂਲ ਬਾਉਲੀ, ਸਰਕਾਰੀ ਐਲੀਮੈਂਟਰੀ ਸਕੂਲ ਸ਼ਹਿਜ਼ਾਦਾ,ਸਰਕਾਰੀ ਐਲੀਮੈਂਟਰੀ ਸਕੂਲ ਘੁਮਰਾਏ, ਸਰਕਾਰੀ ਹਾਈ ਸਕੂਲ ਨੰਗਲ ਸੋਹਲ ਵਿਖੇ ਵਿਦਿਆਰਥੀਆਂ ਲਈ ਸਕੂਲ ਬੈਗ ਅਤੇ ਸਟੇਸ਼ਨਰੀ ਦੀ ਵੰਡ ਵੀ ਕੀਤੀ ਗਈ ਹੈ। ਸਰਕਾਰੀ ਹਾਈ ਸਕੂਲ ਨੰਗਲ ਸੋਹਲ ਜਿੱਥੇ ਕਿ ਪਾਣੀ ਦੀ ਜਿਆਦਾ ਮਿਕਦਾਰ ਆਉਣ ਨਾਲ ਆਰਓ ਸਿਸਟਮ ਖਰਾਬ ਹੋ ਗਿਆ ਸੀ, ਉਸ ਨੂੰ ਵੀ ਸੰਸਥਾ ਅਖੰਡ ਪਰਮ ਧਾਮ ਦੇ ਸਹਿਯੋਗ ਨਾਲ ਰਿਪੇਅਰ ਕਰਵਾ ਕੇ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇਹਨਾਂ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦਾ ਆਰਜੀ ਪ੍ਰਬੰਧ ਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਹ ਸਾਰੇ ਕੰਮ ਕਰਨ ਲਈ ਉਹਨਾਂ ਨੂੰ ਪ੍ਰੇਰਨਾ ਸ਼੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮਿਲੀ ਅਤੇ ਨਾਲ ਹੀ ਸ੍ਰੀ ਰਵਿੰਦਰ ਅਰੋੜਾ ਐਸਡੀਐਮ ਅਜਨਾਲਾ ਤੋਂ ਪੂਰਨ ਸਹਿਯੋਗ ਮਿਲ ਰਿਹਾ ਹੈ। ਉਹਨਾਂ ਸਭ ਸੰਸਥਾਵਾਂ ਅਤੇ ਆਪਣੇ ਸਾਥੀਆਂ ਦਾ ਇਸ ਸਾਰੇ ਕਾਰਜ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ, ਨਾਲ ਹੀ ਉਹਨਾਂ ਦੇ ਹੜਾਂ ਦੇ ਦਿਨਾਂ ਤੋਂ ਸੇਵਾ ਕਰ ਰਹੇ ਸ਼੍ਰੀਮਤੀ ਭੁਪਿੰਦਰ ਕੌਰ, ਸ੍ਰੀ ਸਤੀਸ਼ ਕੁਮਾਰ, ਮਿਸ ਸਿਮਰਨ, ਸ੍ਰੀਮਤੀ ਸਰਬਜੀਤ ਕੌਰ ਸ ਸ਼ਮਸ਼ੇਰ ਸਿੰਘ, ਸ ਸਿਮਰਨਪ੍ਰੀਤ ਸਿੰਘ, ਸ ਕਰਮਜੀਤ ਸਿੰਘ ਵਾਹਲਾ, ਮਾਸਟਰ ਗੁਰਿੰਦਰ ਸਿੰਘ, ਸ੍ਰੀ ਅਮਨ ਕੁਮਾਰ, ਸ੍ਰੀ ਰਵੀ ਕੁਮਾਰ ਆਦਿ ਸਹਿਯੋਗੀਆਂ ਤੋਂ ਮਿਲੇ ਭਰਪੂਰ ਸਹਿਯੋਗ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਉਹਨਾਂ ਤੋਂ ਇਸ ਮੁਸ਼ਕਲ ਸਮੇਂ ਵਿੱਚ ਅਗਵਾਈ ਦੇ ਕੇ ਸੇਵਾ ਕਰਾਉਣ ਦਾ ਬਲ ਬਖਸ਼ੇ।