ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾ ਰੋਧੀ ਅਤੇ ਜਾਗਰੂਕਤਾ ਸੈਮੀਨਾਰ — ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀ ਬਾਰੇ ਕੀਤਾ ਪ੍ਰੇਰਿਤ

ਅੰਮ੍ਰਿਤਸਰ, 11 ਅਕਤੂਬਰ 2025 (ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ PPMM ਸਟਾਫ ਵੱਲੋਂ ਸਿਟੀਜ਼ਨ ਫੋਰਮ ਵਿਦਿਆ ਮੰਦਰ, ਮਕਬੂਲਪੁਰਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਦੱਸਿਆ ਕਿ ਨਸ਼ੇ ਸਿਰਫ਼ ਸਿਹਤ ਨੂੰ ਹੀ ਨਹੀਂ, ਸਗੋਂ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜੀਣ ਦੀ ਪ੍ਰੇਰਣਾ ਦਿੱਤੀ ਗਈ।
ਇਸ ਮੌਕੇ ਵੂਮੈਨ ਹੈਲਪਲਾਈਨ ਨੰਬਰ 112, ਬੱਚਿਆਂ ਦੀ ਹੈਲਪਲਾਈਨ 1098, ਬਜ਼ੁਰਗਾਂ ਦੀ ਹੈਲਪਲਾਈਨ 14567 ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਲੋਕ ਜਰੂਰੀ ਸਥਿਤੀ ‘ਚ ਤੁਰੰਤ ਸਹਾਇਤਾ ਪ੍ਰਾਪਤ ਕਰ ਸਕਣ।
ਸੈਮੀਨਾਰ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਨਸ਼ਾ-ਮੁਕਤੀ, ਸੁਰੱਖਿਆ ਜਾਗਰੂਕਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਪੁਲਿਸ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਭਵਿੱਖੀ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵੱਲ ਮਹੱਤਵਪੂਰਣ ਕਦਮ ਹਨ।



