ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜੋਨਲ ਯੂਥ ਫੈਸਟੀਵਲ (ਜੀਸੀਏ ਜੋਨ) ਸ਼ੁਰੂ
ਵੱਡੇ ਕਲਾਕਾਰ ਪੈਦਾ ਕਰਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ਮੰਚ - ਰਜਿਸਟਰਾਰ ਡਾ. ਕੇ ਐਸ ਚਾਹਲ

ਅੰਮ੍ਰਿਤਸਰ, 16 ਅਕਤੂਬਰ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਕਾਰੀ ਕਾਲਜਾਂ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਸੰਸਥਾਵਾਂ ਦਾ ਜੋਨਲ ਯੂਥ ਫੈਸਟੀਵਲ (ਜੀਸੀਏ ਜੋਨ), ਜੋ ਕਿ ਯੂਨੀਵਰਸਿਟੀ ਦੇ ਯੂਥ ਵੈੱਲਫੇਅਰ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ, ਅੱਜ ਵਿਦਿਆਰਥੀਆਂ ਦੇ ਜੋਸ਼ ਅਤੇ ਪ੍ਰਤਿਭਾ ਨਾਲ ਸ਼ੁਰੂਆਤ ਹੋਈ। ਤਿੰਨ ਦਿਨਾਂ ਦੇ ਇਸ ਸਮਾਗਮ ਦਾ ਉਦਘਾਟਨ ਰਜਿਸਟਰਾਰ ਪ੍ਰੋ. ਕੇ. ਐਸ. ਚਾਹਲ ਨੇ ਕੀਤਾ, ਜਿਸ ਵਿੱਚ ਕੈਂਪਸ ਦੇ ਵੱਖ-ਵੱਖ ਸਥਾਨਾਂ ’ਤੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦਾ ਜ਼ਬਰਦਸਤ ਪ੍ਰਦਰਸ਼ਨ ਹੋਵੇਗਾ। ਯੂਥ ਵੈੱਲਫੇਅਰ ਵਿਭਾਗ ਦੇ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਫੈਸਟੀਵਲ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਬਲਬੀਰ ਸਿੰਘ, ਡਾ. ਪਰਮਬੀਰ ਸਿੰਘ ਮਲ੍ਹੀ, ਡਾ. ਗੁਰਪ੍ਰੀਤ ਸਿੰਘ, ਡਾ. ਅਮਨਪ੍ਰੀਤ ਕੌਰ, ਡਾ. ਹਰਿੰਦਰ ਕੌਰ ਸੋਹਲ ਸਮੇਤ ਹੋਰ ਟੀਮ ਮੈਂਬਰ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਪ੍ਰੋ. ਚਾਹਲ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਤ ਜਾਂ ਹਾਰ ਨਾਲੋਂ ਹਿੱਸਾ ਲੈਣਾ ਅਤੇ ਟੀਮ ਵਰਕ ਦੀ ਭਾਵਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਇਸ ਫੈਸਟੀਵਲ ਨੂੰ ਵਿਦਿਆਰਥੀਆਂ ਦੀ ਸਰਬਪੱਖੀ ਸ਼ਖਸੀਅਤ ਨੂੰ ਨਿਖਾਰਨ ਅਤੇ ਯੂਨੀਵਰਸਿਟੀ ਦੀ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਕਰਨ ਦਾ ਅਹਿਮ ਮੌਕਾ ਦੱਸਿਆ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪ੍ਰਤਿਭਾ ਨੂੰ ਪ੍ਰੇਰਨਾ ਦੇਣਗੇ ਅਤੇ ਕਲਾ ਜਗਤ ਵਿੱਚ ਯੋਗਦਾਨ ਪਾਉਣਗੇ।
ਫੈਸਟੀਵਲ ਦੀ ਸ਼ੁਰੂਆਤ ਭੰਗੜੇ ਦੀ ਧੁਨ ਨਾਲ ਹੋਈ, ਜਿਸ ਨੇ ਪੂਰੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਪਹਿਲੇ ਦਿਨ ਦਸ਼ਮੇਸ਼ ਆਡੀਟੋਰੀਅਮ (ਵੈਨਿਊ-1) ਵਿੱਚ ਭੰਗੜਾ, ਕਲਾਸੀਕਲ ਡਾਂਸ, ਵੈਸਟਰਨ ਵੋਕਲ ਸੋਲੋ ਅਤੇ ਕਲਾਸੀਕਲ ਇੰਸਟਰੂਮੈਂਟਲ ਦੇ ਮੁਕਾਬਲੇ ਹੋਏ, ਜਦਕਿ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ (ਵੈਨਿਊ-2) ਵਿੱਚ ਕਲਾਸੀਕਲ ਇੰਸਟਰੂਮੈਂਟਲ, ਕਲਾਸੀਕਲ ਵੋਕਲ ਅਤੇ ਫੋਕ ਆਰਕੈਸਟਰਾ ਦੀਆਂ ਪੇਸ਼ਕਾਰੀਆਂ ਹੋਈਆਂ। ਕਾਨਫਰੰਸ ਹਾਲ (ਵੈਨਿਊ-4) ਵਿੱਚ ਕੁਇਜ਼ ਦੇ ਸ਼ੁਰੂਆਤੀ ਅਤੇ ਅੰਤਿਮ ਰਾਊਂਡ ਨੇ ਮਾਹੌਲ ਨੂੰ ਗਰਮਾਇਆ।
ਦੂਜੇ ਦਿਨ, ਦਸ਼ਮੇਸ਼ ਆਡੀਟੋਰੀਅਮ ਵਿੱਚ ਮਾਈਮ, ਕਾਸਟਿਊਮ ਪਰੇਡ ਅਤੇ ਵਨ-ਐਕਟ ਪਲੇਅ ਦੀਆਂ ਪੇਸ਼ਕਾਰੀਆਂ ਹੋਣਗੀਆਂ, ਜਦਕਿ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਗਰੁੱਪ ਸ਼ਬਦ, ਗਰੁੱਪ ਸੌਂਗ ਅਤੇ ਕਵਿਸ਼ਰੀ ਦੇ ਮੁਕਾਬਲੇ ਹੋਣਗੇ। ਸੰਗਤ ਹਾਲ (ਵੈਨਿਊ-3) ਵਿੱਚ ਪੇਂਟਿੰਗ, ਕੋਲਾਜ ਅਤੇ ਪੋਸਟਰ ਮੇਕਿੰਗ ਦੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਹੋਵੇਗਾ, ਜਦਕਿ ਕਾਨਫਰੰਸ ਹਾਲ ਵਿੱਚ ਕਾਵਿ ਸਿੰਪੋਜ਼ੀਅਮ ਅਤੇ ਐਲੋਕਿਊਸ਼ਨ ਦੇ ਮੁਕਾਬਲੇ ਹੋਣਗੇ।
18 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਦਸ਼ਮੇਸ਼ ਆਡੀਟੋਰੀਅਮ ਵਿੱਚ ਕੋਰੀਓਗ੍ਰਾਫੀ, ਜਨਰਲ ਡਾਂਸ ਅਤੇ ਗਿੱਧਾ, ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਗੀਤ/ਗਜ਼ਲ ਅਤੇ ਫੋਕ ਸੌਂਗ, ਅਤੇ ਸੰਗਤ ਹਾਲ ਵਿੱਚ ਰੰਗੋਲੀ, ਫੁਲਕਾਰੀ, ਕਾਰਟੂਨਿੰਗ ਅਤੇ ਕਲੇਅ ਮਾਡਲਿੰਗ ਦੇ ਮੁਕਾਬਲੇ ਹੋਣਗੇ। ਕਾਨਫਰੰਸ ਹਾਲ ਵਿੱਚ ਅੰਗਰੇਜ਼ੀ ਅਤੇ ਪੰਜਾਬੀ/ਹਿੰਦੀ ਵਿੱਚ ਡਿਬੇਟਸ ਨਾਲ ਫੈਸਟੀਵਲ ਦਾ ਸਮਾਪਤੀ ਸਮਾਰੋਹ ਬੌਧਿਕ ਜੋਸ਼ ਨਾਲ ਖਤਮ ਹੋਵੇਗਾ। 18 ਅਕਤੂਬਰ ਨੂੰ ਫੈਸਟੀਵਲ ਦੇ ਸੰਪੰਨ ਹੋਣ ਤੇ ਦਸ਼ਮੇਸ਼ ਆਡਟੋਰੀਅਮ ਵਿੱਚ ਇਨਾਮ ਵੰਡ ਸਮਾਗਮ ਹੋਵੇਗਾ








