
ਅੰਮ੍ਰਿਤਸਰ, 5 ਨਵੰਬਰ 2025 (ਅਭਿਨੰਦਨ ਸਿੰਘ)
ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਸ਼੍ਰੀ ਮਨਿੰਦਰ ਸਿੰਘ (ਆਈ.ਪੀ.ਐਸ.) ਅਤੇ ਡੀ.ਐਸ.ਪੀ ਅਜਨਾਲਾ ਸ਼੍ਰੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਝੰਡੇਰ ਪੁਲਿਸ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਕਾਰਵਾਈ ਦੌਰਾਨ ਇੱਕ ਦੋਸ਼ੀ ਨੂੰ 200 ਕਿੱਲੋ ਲਾਹਣ ਅਤੇ ਇੱਕ ਚਾਲੂ ਭੱਠੀ ਸਮੇਤ ਗ੍ਰਿਫਤਾਰ ਕੀਤਾ।
ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਪ੍ਰਗਟ ਸਿੰਘ, ਵਾਸੀ ਪਿੰਡ ਲਸ਼ਕਰੀ ਨੰਗਲ ਵਜੋਂ ਹੋਈ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਤਿਆਰ ਕਰਨ ਤੇ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਛਾਪਾਮਾਰੀ ਕਰਦਿਆਂ ਉਕਤ ਦੋਸ਼ੀ ਨੂੰ ਕਾਬੂ ਕੀਤਾ ਅਤੇ ਮੌਕੇ ਤੋਂ 200 ਕਿੱਲੋ ਲਾਹਣ ਤੇ ਚਾਲੂ ਭੱਠੀ ਬਰਾਮਦ ਕੀਤੀ।
ਇਸ ਸਬੰਧੀ ਥਾਣਾ ਝੰਡੇਰ ਵਿਖੇ ਮੁਕੱਦਮਾ ਨੰਬਰ 87 ਮਿਤੀ 04-11-2025, ਜੁਰਮ 61-1-14 ਆਬਕਾਰੀ ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਵਿਰੁੱਧ ਇਹ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।



