ਗ੍ਰਨੇਡ ਹਮਲੇ ਦਾ ਮਾਮਲਾ ਸੁਲਝਿਆ 6 ਮੁਲਜ਼ਮ ਗ੍ਰਿਫ਼ਤਾਰ, ISI ਮਾਡਿਊਲ ਬੇਨਕਾਬ

ਅੰਮ੍ਰਿਤਸਰ, 13 ਅਪ੍ਰੈਲ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜ਼ਿਲ੍ਹਾ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਥਾਣਾ ਭਿੰਡੀ ਸੈਦਾ ਵਿਖੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਕਾਰਵਾਈ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 2 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਸਮਰਥਨ ਨਾਲ ਚੱਲ ਰਿਹਾ ਸੀ। ਗ੍ਰਿਫ਼ਤਾਰ ਦੋਸ਼ੀ ਇੱਕ ਪਾਕਿਸਤਾਨ-ਅਧਾਰਤ ਹੈਂਡਲਰ ਦੇ ਸੰਪਰਕ ਵਿੱਚ ਸਨ, ਜੋ ਵਿਦੇਸ਼ ਤੋਂ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਦਿਸ਼ਾ ਦੇ ਰਿਹਾ ਸੀ।
ਜਾਣਕਾਰੀ ਮੁਤਾਬਕ 29-30 ਮਾਰਚ 2026 ਦੀ ਦਰਮਿਆਨੀ ਰਾਤ ਦੌਰਾਨ ਦੋਸ਼ੀਆਂ ਨੇ ਹੈਂਡ ਗ੍ਰਨੇਡ ਹਾਸਲ ਕਰਕੇ ਪਹਿਲਾਂ ਰੇਕੀ ਕੀਤੀ ਅਤੇ ਫਿਰ ਹਮਲੇ ਨੂੰ ਅੰਜਾਮ ਦਿੱਤਾ। ਮਾਡਿਊਲ ਨੂੰ ਕੱਟੜਪੰਥੀ ਸੋਚ ਨਾਲ ਪ੍ਰਭਾਵਿਤ ਕਰਕੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਉਕਸਾਇਆ ਗਿਆ ਸੀ, ਜਿੱਥੇ ਹਮਲਾ ਕਰਨ ਦੇ ਬਦਲੇ ਵੱਡੀ ਰਕਮ ਦੇਣ ਦੇ ਵਾਅਦੇ ਵੀ ਕੀਤੇ ਗਏ ਸਨ।
ਇਸ ਸਬੰਧੀ ਵਿਸਫੋਟਕ ਪਦਾਰਥ ਐਕਟ, UAPA, BNS ਅਤੇ ਆਰਮਜ਼ ਐਕਟ ਤਹਿਤ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਖਤਮ ਕੀਤਾ ਜਾ ਸਕੇ।
ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਰਾਜ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ।



