ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿੱਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 23 ਅਪ੍ਰੈਲ 2026 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਬੀਐਫਐਸਆਈ ਸੈਕਟਰ ਸਕਿਲ ਕੌਂਸਿਲ ਆਫ ਇੰਡੀਆ ਦੇ ਸਹਿਯੋਗ ਨਾਲ ਵਿੱਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਖ਼ਾਸ ਕਰਕੇ ਗ਼ੈਰ-ਕਾਮਰਸ ਪਿਛੋਕੜ ਵਾਲਿਆਂ ਵਿੱਚ ਵਿੱਤੀ ਸਾਖ਼ਰਤਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਕਰਜ਼ ਪ੍ਰਬੰਧਨ ਅਤੇ ਜ਼ਿੰਮੇਵਾਰ ਢੰਗ ਨਾਲ ਕਰਜ਼ ਲੈਣ ਬਾਰੇ ਜਾਣਕਾਰੀ ਦੇਣਾ ਸੀ।
ਇਸ ਮੌਕੇ ਇੰਜੀਨੀਅਰਿੰਗ, ਟੈਕਨੋਲੋਜੀ ਅਤੇ ਸਾਇੰਸ ਆਦਿ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਰਜ਼ ਪ੍ਰਣਾਲੀ ਅਤੇ ਵਿੱਤੀ ਲੈਣ-ਦੇਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਬੀਐਫਐਸਆਈ ਤੋਂ ਵਿਤ ਪ੍ਰਬੰਧਨ ਵਿਸ਼ੇ ਦੇ ਵਿਸ਼ੇਸ਼ ਮਾਹਿਰ ਮਿਸ ਮਧੂਰੀ ਮਹਾਜਨ ਨੇ ਸੈਸ਼ਨ ਦੌਰਾਨ ਸੁਰੱਖਿਅਤ ਅਤੇ ਅਸੁਰੱਖਿਅਤ ਕਰਜ਼, ਕਰੈਡਿਟ ਕਾਰਡ ਦੀ ਸਹੀ ਵਰਤੋਂ, ਕਰੈਡਿਟ ਸਕੋਰ ਅਤੇ ਰਿਪੋਰਟ, ਲੋਨ ਯੋਗਤਾ, ਈਐਮਆਈ ਯੋਜਨਾ, ਡਿਜਿਟਲ ਲੈਂਡਿੰਗ ਅਤੇ ਗ੍ਰਾਹਕ ਅਧਿਕਾਰਾਂ ਵਰਗੇ ਮਹੱਤਵਪੂਰਣ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਵੱਲੋਂ ਅਸਲ ਜੀਵਨ ਦੀਆਂ ਉਦਾਹਰਨਾ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਸਮਝ ਵੀ ਦਿੱਤੀ ਗਈ। ਸਮਾਗਮ ਦੇ ਅੰਤ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਸ਼ੰਕੇ ਵੀ ਦੂਰ ਕੀਤੇ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇ ਬਦਲਦੇ ਆਰਥਿਕ ਮਾਹੌਲ ਵਿੱਚ ਵਿੱਤੀ ਸਾਖ਼ਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸੂਝ-ਬੂਝ ਅਤੇ ਜ਼ਿੰਮੇਵਾਰ ਖਰਚ ਦੀ ਸਮਝ ਹਰ ਵਿਅਕਤੀ ਲਈ ਲਾਜ਼ਮੀ ਹੈ, ਜੋ ਵਿਦਿਆਰਥੀਆਂ ਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ।
ਰਜਿਸਟਰਾਰ ਡਾ. ਕੇ . ਐਸ . ਚਾਹਲ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਿਰਫ ਅਕਾਦਮਿਕ ਸਿੱਖਿਆ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵੀ ਵਚਨਬੱਧ ਹੈ।
ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਅਤੇ ਜੀਵਨ ਕੌਸ਼ਲ ਨੂੰ ਮਜ਼ਬੂਤ ਬਣਾਉਂਦੇ ਹਨ।



