ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਲਕਾ ਜੰਡਿਆਲਾ ਗੁਰੂ ਤੋਂ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਤਹਿਤ ਚੌਥੀ ਬੱਸ ਰਵਾਨਾ ਕੀਤੀ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਦੀ ਆਸਥਾ, ਸ਼ਰਧਾ ਅਤੇ ਆਤਮਿਕ ਸ਼ਾਂਤੀ ਨਾਲ ਜੁੜੀ ਇੱਕ ਮਹੱਤਵਪੂਰਨ ਸੇਵਾ - ਹਰਭਜਨ ਸਿੰਘ ਈਟੀਓ
ਅੰਮ੍ਰਿਤਸਰ, 24 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਤਹਿਤ ਸ਼ਰਧਾਲੂ ਯਾਤਰੀਆਂ ਦੀ ਚੌਥੀ ਬੱਸ ਨੂੰ ਹਲਕਾ ਜੰਡਿਆਲਾ ਗੁਰੂ ਦੇ ਨਵਾਂ ਪਿੰਡ ਤੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ, ਸਗੋਂ ਸਾਡੇ ਬਜ਼ੁਰਗਾਂ ਦੀ ਆਸਥਾ, ਸ਼ਰਧਾ ਅਤੇ ਆਤਮਿਕ ਸ਼ਾਂਤੀ ਨਾਲ ਜੁੜੀ ਇੱਕ ਮਹੱਤਵਪੂਰਨ ਸੇਵਾ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਪਾਵਨ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ ਹੈ, ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਮਨ, ਸੰਤੁਸ਼ਟੀ ਅਤੇ ਖੁਸ਼ੀ ਲਿਆਉਣ ਦਾ ਸਬੱਬ ਬਣ ਰਿਹਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ, ਆਰਾਮ ਅਤੇ ਸੁਵਿਧਾ ਨੂੰ ਸਰਕਾਰ ਵੱਲੋਂ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਜੋ ਹਰ ਸ਼ਰਧਾਲੂ ਆਪਣੀ ਯਾਤਰਾ ਨੂੰ ਪੂਰੀ ਸ਼ਾਂਤੀ ਅਤੇ ਆਸਥਾ ਨਾਲ ਪੂਰਾ ਕਰ ਸਕੇ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਖਣਵਿੰਡੀ ਤੋਂ ਕੀਤੀ ਗਈ ਸੀ ਅਤੇ ਇਹ ਯੋਜਨਾ ਲਗਾਤਾਰ ਸਫ਼ਲਤਾਪੂਰਵਕ ਅੱਗੇ ਵਧ ਰਹੀ ਹੈ।
ਲੋਕਾਂ ਵੱਲੋਂ ਵੀ ਇਸ ਯੋਜਨਾ ਨੂੰ ਭਰਪੂਰ ਸਹਿਯੋਗ ਅਤੇ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹਲਕੇ ਵਿਚੋਂ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਤਹਿਤ ਸ਼ਰਧਾਲੂਆਂ ਦੀਆਂ ਹੋਰ ਬੱਸਾਂ ਵੀ ਤੀਰਥ ਯਾਤਰਾ ਲਈ ਜਾਣਗੀਆਂ।




