ਪੰਜਾਬ ਸਰਕਾਰ ਵੱਲੋਂ 26 ਮਈ ਨੂੰ ਵੋਟਿੰਗ ਵਾਲੇ ਕਰਮਚਾਰੀਆਂ ਲਈ ਤਨਖਾਹ ਸਮੇਤ ਛੁੱਟੀ ਦਾ ਐਲਾਨ

ਅੰਮ੍ਰਿਤਸਰ, 25 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿੱਚ ਹੋਣ ਵਾਲੀਆਂ ਮਿਊਂਸਪਲ ਚੋਣਾਂ-2026 ਦੇ ਮੱਦੇਨਜ਼ਰ 26 ਮਈ 2026 (ਮੰਗਲਵਾਰ) ਨੂੰ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਉਹਨਾਂ ਕਰਮਚਾਰੀਆਂ ਨੂੰ ਤਨਖਾਹ ਸਮੇਤ ਛੁੱਟੀ ਦਿੱਤੀ ਜਾਵੇਗੀ, ਜੋ ਆਪਣੇ-ਆਪਣੇ ਮਿਊਂਸਪਲ ਕਾਰਪੋਰੇਸ਼ਨ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਹੱਦ ਅੰਦਰ ਵੋਟਰ ਵਜੋਂ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸਮੈਂਟ ਐਕਟ, 1958 ਦੀ ਧਾਰਾ 10 ਦੀ ਉਪ-ਧਾਰਾ 1 ਅਧੀਨ ਪ੍ਰਦੱਤ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਲਿਆ ਗਿਆ ਹੈ, ਤਾਂ ਜੋ ਕਰਮਚਾਰੀ ਆਪਣੇ ਵੋਟ ਦਾ ਸੁਤੰਤਰ ਤੌਰ ’ਤੇ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 24 ਮਈ ਤੋਂ 30 ਮਈ 2026 ਦੇ ਦਰਮਿਆਨ ਆਉਣ ਵਾਲੀ ਹਫਤਾਵਾਰੀ ਛੁੱਟੀ ਦੀ ਥਾਂ 26 ਮਈ ਨੂੰ “ਕਲੋਜ਼ਡ ਡੇ” ਨਹੀਂ ਮੰਨਿਆ ਜਾਵੇਗਾ।
ਪੰਜਾਬ ਸਰਕਾਰ ਨੇ ਸਾਰੇ ਸੰਬੰਧਿਤ ਅਦਾਰਿਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਈ ਜਾਵੇ।



