ਅੰਮ੍ਰਿਤਸਰ ਹਰਿਆਵਲ ਮੰਚ ਸੰਸਥਾ ਨੂੰ ਮਿੰਨੀ ਫਾਰੈਸਟ ਲਗਾਕੇ ਵਾਤਾਵਰਣ ਸੰਭਾਲ/ਸੁਧਾਰ ਲਈ ਮਿਲਿਆ ਸਨਮਾਨ:- ਇੰਜ ਦਲਜੀਤ ਸਿੰਘ ਕੋਹਲੀ

ਅੰਮ੍ਰਿਤਸਰ, 17 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸ੍ਰ ਦਵਿੰਦਰ ਪਾਲ ਸਿੰਘ ਅਤੇ ਲਖਬੀਰ ਸਿੰਘ ਘੁੰਮਣ ਨੇ ਕਿਹਾ ਕਿ 80ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਹਰਿਆਵਲ ਮੰਚ ਸੰਸਥਾ ਨੂੰ ਵਾਤਾਵਰਨ ਸੰਭਾਲ, ਹਰਿਆਵਲ ਵਧਾਉਣ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਣਾ ਕੇਵਲ ਇੱਕ ਸੰਸਥਾ ਦੀ ਪ੍ਰਾਪਤੀ ਨਹੀਂ, ਸਗੋਂ ਗੁਰੂ ਨਗਰੀ ਵਿੱਚ ਚੱਲ ਰਹੇ ਵਾਤਾਵਰਨੀ ਜਨ ਅੰਦੋਲਨ ਦੀ ਇਤਿਹਾਸਕ ਮਾਨਤਾ ਹੈ।
ਇੰਜ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਅੰਮ੍ਰਿਤਸਰ ਹਰਿਆਵਲ ਮੰਚ ਨੇ ਪਿਛਲੇ ਕਈ ਸਾਲਾਂ ਦੌਰਾਨ ਨਿਰੰਤਰ ਸੇਵਾ ਭਾਵ, ਦੂਰਅੰਦੇਸ਼ੀ ਸੋਚ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਮੰਚ ਵੱਲੋਂ ਰਵਾਇਤੀ ਪੰਜਾਬੀ ਰੁੱਖਾਂ ਦੇ ਮਿੰਨੀ ਫਾਰੈਸਟ ਸਥਾਪਿਤ ਕਰਕੇ ਨਾ ਸਿਰਫ਼ ਹਰਿਆਵਲ ਵਧਾਈ ਗਈ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ, ਜੈਵ-ਵਿਭਿੰਨਤਾ ਅਤੇ ਕੁਦਰਤੀ ਸੰਤੁਲਨ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਅੱਜ ਤੱਕ ਲਗਾਏ ਗਏ ਦਰਜਨਾਂ ਮਿੰਨੀ ਜੰਗਲ ਇਸ ਗੱਲ ਦੇ ਗਵਾਹ ਹਨ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਸਮਾਜਿਕ ਬਦਲਾਅ ਸੰਭਵ ਹੈ।
ਇੰਜ ਮਨਜੀਤ ਸਿੰਘ ਸੈਣੀ ਅਤੇ ਗੁਰਮੀਤ ਸਿੰਘ ਭੱਟੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ 1947 ਵਿੱਚ ਸਾਡੇ ਸ਼ਹੀਦਾਂ ਨੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਸੀ, ਪਰ ਅੱਜ ਦੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਦੂਸ਼ਣ, ਵਾਤਾਵਰਨੀ ਨਿਘਾਰ, ਨਸ਼ਿਆਂ ਅਤੇ ਸਮਾਜਿਕ ਬੇਰੁਖ਼ੀ ਤੋਂ ਮੁਕਤ ਪੰਜਾਬ ਦੀ ਸਿਰਜਣਾ ਕਰੇ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਕੇਵਲ ਵਾਤਾਵਰਨੀ ਕਾਰਜ ਨਹੀਂ, ਸਗੋਂ ਭਵਿੱਖ ਪ੍ਰਤੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ।
ਸ੍ਰੀ ਪੂਨੀਤ ਈਸਾਰ ਅਤੇ ਸ੍ਰ ਕਿਰਪਾਲ ਸਿੰਘ ਬੱਬਰ ਨੇ ਕਿਹਾ ਕਿ ਇਹ ਸਨਮਾਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਮੰਚ ਨਾਲ ਜੁੜੇ ਹਰ ਵਲੰਟੀਅਰ, ਹਰ ਸਾਥੀ ਅਤੇ ਹਰ ਉਸ ਨਾਗਰਿਕ ਦਾ ਹੈ ਜਿਸ ਨੇ ਵਾਤਾਵਰਨ ਸੰਭਾਲ ਨੂੰ ਆਪਣਾ ਫ਼ਰਜ਼ ਸਮਝਿਆ। ਇਹ ਪ੍ਰਸ਼ੰਸਾ ਪੱਤਰ ਸਾਨੂੰ ਰੁਕਣ ਲਈ ਨਹੀਂ, ਸਗੋਂ ਹੋਰ ਵੱਡੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕਰਦਾ ਹੈ।
ਡਾ ਨਿਰਮਲ ਸਿੰਘ ਆਨੰਦ ਅਤੇ ਅਵਤਾਰ ਸਿੰਘ ਬੁੱਟਰ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ, ਸਗੋਂ ਹਰਿਆਵਲ, ਸਾਫ਼ ਪਾਣੀ, ਸਿਹਤਮੰਦ ਵਾਤਾਵਰਨ ਅਤੇ ਜਾਗਰੂਕ ਨੌਜਵਾਨੀ ਨਾਲ ਸੁਰੱਖਿਅਤ ਹੋਵੇਗਾ। ਇਸ ਲਈ ਸਮਾਜ ਦੇ ਹਰ ਵਰਗ ਨੂੰ ਵਾਤਾਵਰਨੀ ਅੰਦੋਲਨ ਦਾ ਹਿੱਸਾ ਬਣਨਾ ਪਵੇਗਾ।
ਸ੍ਰੀ ਕਮਲ ਡਾਲਮੀਆ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ, ਇਸ ਸਨਮਾਨ ਨੂੰ ਇੱਕ ਨਵੀਂ ਸ਼ੁਰੂਆਤ ਬਣਾਈਏ। ਹਰ ਪਰਿਵਾਰ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਉਸਦੀ ਸੰਭਾਲ ਦਾ ਸੰਕਲਪ ਲਵੇ, ਪਾਣੀ ਦੀ ਬਚਤ ਕਰੇ, ਪਲਾਸਟਿਕ ਦੀ ਵਰਤੋਂ ਘਟਾਏ ਅਤੇ ਇੱਕ ਨਸ਼ਾ-ਮੁਕਤ, ਹਰਿਆ-ਭਰਿਆ ਅਤੇ ਖੁਸ਼ਹਾਲ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਵੇ।
ਇੰਜ ਕੁਲਦੀਪ ਸਿੰਘ ਬੋਪਾਰਾਏ, ਮਨਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਹਰਿਆਵਲ ਮੰਚ ਨੂੰ ਮਿਲਿਆ ਇਹ ਸਨਮਾਨ ਦਰਅਸਲ ਉਸ ਸੋਚ ਦਾ ਸਨਮਾਨ ਹੈ ਜੋ ਮੰਨਦੀ ਹੈ ਕਿ ਦੇਸ਼ ਦੀ ਅਸਲ ਤਰੱਕੀ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹੋਰ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਸੁਰੱਖਿਅਤ ਭਵਿੱਖ ਛੱਡ ਕੇ ਜਾਂਦੇ ਹਾਂ।



