ਬਿਜਲੀ ਕੱਟਾਂ ਨੇ ਕਿਸਾਨਾਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਵਧਾਈਆਂ : ਮਜੀਠੀਆ
ਮਜੀਠਾ ਪਾਵਰਕਾਮ ਦਫ਼ਤਰ ਅੱਗੇ ਅਕਾਲੀ ਦਲ ਵੱਲੋਂ ਰੋਸ ਧਰਨਾ; ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ, ਆਗੂਆਂ ਦੇ ਪੁਤਲੇ ਫੂਕੇ

ਅੰਮ੍ਰਿਤਸਰ, 16 ਸਤੰਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ
ਪੰਜਾਬ ਵਿਚ ਜਾਰੀ ਬਿਜਲੀ ਦੇ ਅਣਐਲਾਨੇ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਜੀਠਾ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪਾਵਰਕਾਮ ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਤਰੁਨਪ੍ਰੀਤ ਸਿੰਘ ਸੌਂਦ ਦੇ ਪੁਤਲੇ ਵੀ ਫੂਕੇ ਗਏ।
ਧਰਨੇ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਦਾ ਵੱਡਾ ਆਧਾਰ ਖੇਤੀਬਾੜੀ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਲਗਾਤਾਰ ਬਿਜਲੀ ਮਿਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਜੈਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਕਾਰਨ ਡੀਜ਼ਲ ਦਾ ਵਾਧੂ ਖਰਚਾ ਉਨ੍ਹਾਂ ਦੀਆਂ ਖੇਤੀ ਲਾਗਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਦੀ ਸਮੱਸਿਆ ਦਾ ਅਸਰ ਖੇਤਾਂ ਤੱਕ ਸੀਮਤ ਨਹੀਂ ਹੈ। ਬਿਜਲੀ ਸਪਲਾਈ ਵਿਚ ਵਿਘਨ ਪੈਣ ਕਾਰਨ ਦੁਕਾਨਦਾਰਾਂ, ਛੋਟੇ ਉਦਯੋਗਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜੀਠੀਆ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿਚ ਨਵੇਂ ਹਸਪਤਾਲ, ਸਕੂਲ ਅਤੇ ਬਿਜਲੀ ਗਰਿੱਡ ਬਣਾਉਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਹੈ, ਜਦਕਿ ਸੂਬੇ ਸਿਰ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ‘ਤੇ ਵੱਡੀ ਰਕਮ ਖਰਚ ਕਰਨ ਦੀ ਬਜਾਏ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਰ.ਟੀ.ਆਈ. ਦੇ ਹਵਾਲੇ ਨਾਲ ਬਿਜਲੀ ਗਰਿੱਡਾਂ ਸਬੰਧੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਮਜੀਠਾ ਹਲਕੇ ਸਮੇਤ ਕਈ ਇਲਾਕਿਆਂ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਸੀ।
ਉਨ੍ਹਾਂ ਮਜੀਠਾ ਗਰਿੱਡ ਨੂੰ 66 ਕੇ.ਵੀ. ਤੋਂ 220 ਕੇ.ਵੀ. ਕਰਨ ਅਤੇ ਨਾਗ ਕਲਾਂ, ਜਲਾਲਪੁਰਾ, ਸੋਹੀਆ ਕਲਾਂ, ਮੱਤੇਵਾਲ, ਭੰਗਾਲੀ ਕਲਾਂ, ਢੱਡੇ ਅਤੇ ਵਡਾਲਾ ਆਦਿ ਵਿਖੇ ਗਰਿੱਡ ਸਥਾਪਤ ਕਰਨ ਦਾ ਜ਼ਿਕਰ ਕੀਤਾ। ਇਸ ਮੌਕੇ ਅਕਾਲੀ ਆਗੂਆਂ ਨੇ ਸਰਕਾਰ ਤੋਂ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਮਜੀਠੀਆ ਦੇ ਨਾਲ ਮੇਜਰ ਸਿਵਚਰਨ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸਰ ਕੁਲਵਿੰਦਰ ਸਿੰਘ ਧਾਲੀਵਾਲ, ਲਖਬੀਰ ਸਿੰਘ ਗਿੱਲ, ਕੁਲਜੀਤ ਸਿੰਘ ਬਰਾੜ, ਜਥੇਦਾਰ ਸੰਤੋਖ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਿੰਡ, ਹਰਿੰਦਰ ਸਿੰਘ ਭੁੱਲਰ ਕੋਟਲਾ, ਸਲਵੰਤ ਸਿੰਘ ਸੇਠ, ਸਰਬਜੀਤ ਸਿੰਘ ਸੁਪਾਰੀਵਿੰਡ, ਜ਼ੋਬਨਪ੍ਰੀਤ ਸਿੰਘ ਗਿੱਲ, ਕੌਂਸਲਰ ਪ੍ਰਿੰਸ ਨਈਅਰ, ਕੌਂਸਲਰ ਚਰਨਜੀਤ ਸਿੰਘ ਗੋਲਾ. ਕੌਂਸਲਰ ਅਮਰਬੀਰ ਸਿੰਘ ਗਿੱਲ, ਹਰਕੀਰਤ ਸਿੰਘ ਸ਼ਹੀਦ, ਜਗਰੂਪ ਸਿੰਘ ਚੰਦੀ, ਰਣਜੀਤ ਸਿੰਘ ਭੋਮਾ ਸਾਬਕਾ ਸਰਪੰਚ, ਮਨਜੀਤ ਸਿੰਘ ਭੋਮਾ, ਸਾਬਾ ਹਮਜਾ, ਸੁਰਿੰਦਰਪਾਲ ਸਿੰਘ ਗੋਕਲ, ਬੱਬੀ ਭੰਗਵਾ, ਰਾਜਾ ਲਦੇਹ, ਅਮਨਦੀਪ ਗਿੱਲ, ਬੀਬੀ ਧਰਮ ਕੌਰ ਮਹਿਮੂਦਪੁਰਾ, ਨਿਰਮਲ ਸਿੰਘ ਵੀਰਮ, ਪਰਮਜੀਤ ਸਿੰਘ ਰੰਧਾਵਾ, ਸਰਪੰਚ ਗੁਰਮੀਤ ਸਿੰਘ ਬੱਲ, ਸਰਪੰਚ ਰਘਬੀਰ ਸਿੰਘ ਸੰਧੂ, ਸੁਖਵਿੰਦਰ ਸਿੰਘ ਗੋਲਡੀ, ਰੋਜੀ ਬੱਲ, ਨਰੇਸ ਕੁਮਾਰ, ਹਰਬੰਸ ਸਿੰਘ ਮੱਲੀ, ਮੈਨੇਜਰ ਜਗਰੂਪ ਸਿੰਘ, ਪ੍ਰਭਪਾਲ ਸਿੰਘ ਝੰਡੇ, ਸੁਖਦੀਪ ਸਿੰਘ ਦੀਪੀ ਸਰਪੰਚ, ਕ੍ਰਿਪਾਲ ਸਿੰਘ ਪਾਲੀ, ਨਵਦੀਪ ਸਿੰਘ ਨਾਗ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਐਸਡੀਓ ਲਖਬੀਰ ਸਿੰਘ, ਹਰਦੇਵ ਸਿੰਘ ਠੇਕੇਦਾਰ, ਮੱਖਣ ਸਿੰਘ ਹਰੀਆ ਆਦਿ ਅਕਾਲੀ ਵਰਕਰ ਹਾਜ਼ਰ ਸਨ।



