ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਜ਼ੋਨਾਂ ਦੇ ਯੂਥ ਫੈਸਟੀਵਲਾਂ ਦਾ ਸ਼ਡਿਊਲ ਜਾਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਯੁਵਕ ਮੇਲੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਣਗੇ - ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ

ਅੰਮ੍ਰਿਤਸਰ, 26 ਸਤੰਬਰ 2026: ਅਭਿਨੰਦਨ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਕਲਾਤਮਕ, ਸੱਭਿਆਚਾਰਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਲ 2026-27 ਦੇ ਯੂਥ ਫੈਸਟੀਵਲਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਯੂਥ ਫੈਸਟੀਵਲਾਂ ਵਿੱਚ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ ਆਪਣੀ ਕਲਾ, ਸੱਭਿਆਚਾਰਕ ਵਿਰਾਸਤ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।
ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਆਰਜ਼ੀ ਸ਼ਡਿਊਲ ਅਨੁਸਾਰ ‘ਬੀ’ ਜ਼ੋਨ, ਜਿਸ ਵਿੱਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਸ਼ਾਮਲ ਹਨ, ਦਾ ਯੂਥ ਫੈਸਟੀਵਲ 29 ਸਤੰਬਰ ਤੋਂ 2 ਅਕਤੂਬਰ 2026 ਤੱਕ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ‘ਡੀ’ ਜ਼ੋਨ (ਕਪੂਰਥਲਾ, ਨਵਾਂਸ਼ਹਿਰ) ਦਾ ਯੂਥ ਫੈਸਟੀਵਲ 6 ਤੋਂ 9 ਅਕਤੂਬਰ, ‘ਸਰਕਾਰੀ/ਕੰਸਟੀਚੂਐਂਟ ਕਾਲਜਾਂ/ਐਸੋਸੀਏਟ ਇੰਸਟੀਚਿਊਟਸ’ ਜ਼ੋਨ ਦਾ ਫੈਸਟੀਵਲ 13 ਤੋਂ 16 ਅਕਤੂਬਰ ਅਤੇ ‘ਏ’ ਜ਼ੋਨ (ਅੰਮ੍ਰਿਤਸਰ) ਦਾ ਫੈਸਟੀਵਲ 21 ਤੋਂ 24 ਅਕਤੂਬਰ 2026 ਤੱਕ ਹੋਵੇਗਾ।
ਇਸੇ ਤਰ੍ਹਾਂ ‘ਸੀ’ ਜ਼ੋਨ (ਜਲੰਧਰ) ਦਾ ਯੂਥ ਫੈਸਟੀਵਲ 28 ਤੋਂ 31 ਅਕਤੂਬਰ 2026 ਤੱਕ ਅਤੇ ‘ਐਜੂਕੇਸ਼ਨ ਕਾਲਜਿਜ਼ ਜ਼ੋਨ’ ਦਾ ਫੈਸਟੀਵਲ 3 ਤੋਂ 6 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਵੱਖ-ਵੱਖ ਜ਼ੋਨਾਂ ਵਿੱਚੋਂ ਚੁਣੇ ਹੋਏ ਵਿਦਿਆਰਥੀ ਅਤੇ ਟੀਮਾਂ ਅੰਤਰ-ਜ਼ੋਨਲ ਯੂਥ ਫੈਸਟੀਵਲ ਵਿੱਚ ਹਿੱਸਾ ਲੈਣਗੇ, ਜੋ 11 ਤੋਂ 15 ਨਵੰਬਰ 2026 ਤੱਕ ਹੋਵੇਗਾ।
ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਰਵਾਏ ਜਾ ਰਹੇ ਯੂਥ ਫੈਸਟੀਵਲ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਯੂਥ ਫੈਸਟੀਵਲਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਵੰਨਗੀਆਂ ਨੂੰ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਨਾਲ ਸਬੰਧਤ ਰੱਖਿਆ ਗਿਆ ਹੈ ਅਤੇ ਇਨ੍ਹਾਂ ਵੰਨਗੀਆਂ ਦੇ ਵਿਸ਼ੇ ਵੀ ਇਸ ਇਤਿਹਾਸਕ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਕਲਾ ਤੇ ਸੱਭਿਆਚਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਅੰਮ੍ਰਿਤਸਰ ਦੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਵੀ ਮਿਲੇਗਾ।
ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਯੂਥ ਫੈਸਟੀਵਲਾਂ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਰਾਹੀਂ ਵਿਦਿਆਰਥੀਆਂ ਨੂੰ ਸੰਗੀਤ, ਲਲਿਤ ਕਲਾਵਾਂ, ਰੰਗਮੰਚ, ਸਾਹਿਤ ਅਤੇ ਹੋਰ ਕਲਾ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।




