Breaking News
Trending

ਥਾਣਾ ਛੇਹਰਟਾ ਪੁਲਿਸ ਅਤੇ ਸਾਂਝ ਕੇਂਦਰ ਵੱਲੋਂ ਛੇਹਰਟਾ ਚੌਂਕ ‘ਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਨਸ਼ਿਆਂ ਵਿਰੁੱਧ ਲਾਮਬੰਦੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਥ੍ਰੀ-ਵੀਲਰ ਚਾਲਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ,29 ਅਕਤੂਬਰ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਥਾਣਾ ਛੇਹਰਟਾ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੇ ਨਾਲ-ਨਾਲ ਸਾਂਝ ਕੇਂਦਰ ਇੰਚਾਰਜ ਛੇਹਰਟਾ ਸੁਖਵਿੰਦਰ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ, ਹੋਲਦਾਰ ਪ੍ਰਗਟ ਸਿੰਘ ਅਤੇ ਏ.ਐਸ.ਆਈ. ਤਲਵਿੰਦਰ ਸਿੰਘ ਦੀ ਅਗਵਾਈ ਹੇਠ ਛੇਹਰਟਾ ਚੌਂਕ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਇਲਾਕੇ ਦੇ ਥ੍ਰੀ-ਵੀਲਰ ਚਾਲਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠਾ ਕਰਕੇ ਸਮਾਜਿਕ ਬੁਰਾਈਆਂ, ਟ੍ਰੈਫਿਕ ਨਿਯਮਾਂ ਅਤੇ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਖ਼ਿਲਾਫ਼ ਦਿੱਤਾ ਸੁਨੇਹਾ
ਸੈਮੀਨਾਰ ਦੌਰਾਨ ਪੁਲਿਸ ਅਧਿਕਾਰੀਆਂ ਨੇ ਨਸ਼ਿਆਂ ਦੀ ਬੁਰਾਈ ਖ਼ਿਲਾਫ਼ ਡਟਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਲ ਮਜ਼ਦੂਰੀ ਵਰਗੀ ਲਾਹਨਤ ਨੂੰ ਖ਼ਤਮ ਕਰਨ ਅਤੇ ਮਹਿਲਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਗਿਆ।

ਟ੍ਰੈਫਿਕ ਨਿਯਮ ਅਤੇ ਵਾਤਾਵਰਨ ਦੀ ਸੰਭਾਲ

ਥ੍ਰੀ-ਵੀਲਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਸਮਝਾਇਆ ਕਿ ਸੜਕੀ ਹਾਦਸਿਆਂ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਵਾਤਾਵਰਨ ਦੀ ਸੰਭਾਲ ਕਰਨ ਅਤੇ ਪਾਣੀ ਦੀ ਬਚਤ/ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਾਂਝ ਕੇਂਦਰ ਦੀਆਂ ਸੁਵਿਧਾਵਾਂ ਦੀ ਦਿੱਤੀ ਜਾਣਕਾਰੀ

ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਅਤੇ ਸਾਂਝ ਕੇਂਦਰ ਟੀਮ ਨੇ ਦੱਸਿਆ ਕਿ ਸਾਂਝ ਕੇਂਦਰ ਆਮ ਜਨਤਾ ਦੀ ਸੁਵਿਧਾ ਲਈ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਨੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਹੂਲਤਾਂ, ਜਿਵੇਂ ਕਿ ਕਿਰਾਏਦਾਰਾਂ/ਨੌਕਰਾਂ ਦੀ ਵੈਰੀਫਿਕੇਸ਼ਨ, ਵਾਹਨਾਂ ਅਤੇ ਮੋਬਾਈਲ ਗੁੰਮਸ਼ੁਦਗੀ ਦੀਆਂ ਰਿਪੋਰਟਾਂ, ਚਰਿੱਤਰ ਸਰਟੀਫਿਕੇਟ ਅਤੇ ਹੋਰ ਨਾਗਰਿਕ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਸਾਂਝ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਉਠਾਉਣ।
ਇਸ ਮੌਕੇ ਹਾਜ਼ਰ ਥ੍ਰੀ-ਵੀਲਰ ਚਾਲਕਾਂ ਅਤੇ ਸਥਾਨਕ ਲੋਕਾਂ ਨੇ ਪੁਲਿਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button