
ਅੰਮ੍ਰਿਤਸਰ, 26 ਮਾਰਚ 2026 (ਸੁਖਬੀਰ ਸਿੰਘ)
ਸਸਟੇਨੇਬਲ ਫਾਰਮਿੰਗ (ਟਿਕਾਊ ਖੇਤੀ) ਨੂੰ ਪ੍ਰੋਤਸਾਹਿਤ ਕਰਨ ਲਈ ਸਾਂਝ ਪੰਜਾਬ ਨੇ ਅਸਰ ਅਤੇ ਕਲੀਨ ਏਅਰ ਪੰਜਾਬ ਦੇ ਸਹਿਯੋਗ ਨਾਲ ਖਾਲਸਾ ਯੂਨੀਵਰਸਿਟੀ ਵਿੱਚ ਰਾਜ ਭਰ ਦੇ 250 ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਕਿਸਾਨਾਂ ਨੇ ਪਰਾਲੀ ਸਾੜਨ ਦੀ ਪ੍ਰਥਾ ਖਤਮ ਕਰਨ ਵੱਲ ਸ਼ਲਾਘਾਯੋਗ ਕੰਮ ਕੀਤਾ ਹੈ। ਪ੍ਰੋਗਰਾਮ ਦਾ ਮੁੱਖ ਮਕਸਦ ਕਿਸਾਨਾਂ ਵਿਚ ਪਰਾਲੀ ਪ੍ਰਬੰਧਨ ਬਾਰੇ ਸਾਂਝ ਵਧਾਉਣਾ ਸੀ।
ਸਾਂਝ ਪੰਜਾਬ ਵਿੱਚ ਖੇਤੀ ਵਿਰਾਸਤ ਮਿਸ਼ਨ, ਮਾਨਵ ਵਿਕਾਸ ਸੰਸਥਾਨ, ਆਈਪੀਐਸ ਫਾਊਂਡੇਸ਼ਨ, ਯੰਗ ਇਨੋਵੇਟਿਵ ਫਾਰਮਰਜ਼, ਕਲੀਨ ਏਅਰ ਪੰਜਾਬ, ਏਅਰ ਕੇਅਰ ਸੈਂਟਰ, ਅਸਰ, ਸੀਮਿਟ ਅਤੇ ਆਈਆਈਐਮਆਰ ਵਰਗੀਆਂ ਸੰਸਥਾਵਾਂ ਸ਼ਾਮਲ ਹਨ, ਜੋ ਕਿਸਾਨਾਂ ਨਾਲ ਮਿਲ ਕੇ ਜਲਵਾਯੂ-ਅਨੁਕੂਲ ਖੇਤੀ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ।
ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਲ ਸਿੰਘ, ਏਡੀਸੀ ਰੂਪਿੰਦਰ ਪਾਲ ਸਿੰਘ ਅਤੇ ਐਸਡੀਐਮ ਮਜੀਠਾ ਪਿਊਸ਼ਾ ਬੁਰਡਕ ਸਮੇਤ ਕਿਸਾਨ, ਖੋਜਕਰਤਾ, ਸਮਾਜਿਕ ਸੰਸਥਾਵਾਂ ਅਤੇ ਸਰਕਾਰੀ ਨੁਮਾਇੰਦੇ ਵੀ ਮੌਜੂਦ ਸਨ।
ਡਾ. ਮਹਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨਾਂ ਵਿਚ ਆਪਸੀ ਸਿੱਖਿਆ ਟਿਕਾਊ ਖੇਤੀ ਨੂੰ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਅਤੇ ਸੰਸਥਾਵਾਂ ਨੂੰ ਕਿਸਾਨਾਂ ਦੇ ਇਨੋਵੇਸ਼ਨ ਨਾਲ ਜੁੜਨਾ ਚਾਹੀਦਾ ਹੈ। ‘ਮੌਸਮ ਦਾ ਡਾਕਟਰ’ ਦੇ ਨਾਮ ਨਾਲ ਮਸ਼ਹੂਰ ਪ੍ਰਗਤੀਸ਼ੀਲ ਕਿਸਾਨ ਪਾਲਵਿੰਦਰ ਸਿੰਘ ਨੇ ਪਰਾਲੀ ਨਾ ਸਾੜਨ ਲਈ ਆਪਣੀ ਲੰਬੀ ਵਚਨਬੱਧਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀ ਵਿੱਚ ਬਦਲਾਅ ਸਭ ਤੋਂ ਵਧੀਆ ਤਰੀਕੇ ਨਾਲ ਤਦੋਂ ਆਉਂਦਾ ਹੈ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਖੁਦ ਉਦਾਹਰਨ ਬਣਦੇ ਹਨ।
ਉਨ੍ਹਾਂ ਨੇ ‘ਸਾਂਝਾ ਮਿਤਰ’ ਚੈਟਬੋਟ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਮੇਂ ’ਤੇ ਮਸ਼ੀਨਰੀ ਅਤੇ ਸਲਾਹ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਯੰਗ ਇਨੋਵੇਟਿਵ ਫਾਰਮਰਜ਼ ਦੇ ਗੁਰਬਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਕਿਸਾਨ ਇਕੱਠੇ ਕੰਮ ਕਰਦੇ ਹਨ ਤਾਂ ਉਸਦਾ ਅਸਰ ਕਈ ਗੁਣਾ ਵੱਧ ਜਾਂਦਾ ਹੈ ਅਤੇ ਉਨ੍ਹਾਂ ਦੇ ਸਮੂਹ ਨੇ ਇਸ ਸੀਜ਼ਨ ਵਿੱਚ ਵੱਡੇ ਖੇਤਰ ਵਿੱਚ ਪਰਾਲੀ ਸਾੜਨ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਕੇਵੀਕੇ ਤੋਂ ਡਾ. ਰਮਿੰਦਰ ਕੌਰ ਹੁੰਦਲ ਨੇ ਕਿਹਾ ਕਿ ਟਿਕਾਊ ਖੇਤੀ ਵੱਲ ਬਦਲਾਅ ਨੂੰ ਫਸਲ ਚੱਕਰ, ਮਿੱਟੀ ਦੀ ਸਿਹਤ ਅਤੇ ਸਰੋਤਾਂ ਦੇ ਵਧੀਆ ਇਸਤੇਮਾਲ ਨਾਲ ਜੋੜਨਾ ਜਰੂਰੀ ਹੈ, ਖਾਸ ਕਰਕੇ ਖਰੀਫ ਸੀਜ਼ਨ ਦੀ ਤਿਆਰੀ ਲਈ।
ਆਈਆਈਐਮਆਰ ਤੋਂ ਡਾ. ਮਨਿਸ਼ ਨੇ ਕਿਹਾ ਕਿ ਕਿਸਾਨਾਂ ਨੂੰ ਸਨਮਾਨਿਤ ਕਰਨਾ ਮਹੱਤਵਪੂਰਨ ਹੈ, ਪਰ ਇਸ ਤੋਂ ਵੀ ਜ਼ਿਆਦਾ ਜਰੂਰੀ ਹੈ ਕਿ ਉਨ੍ਹਾਂ ਦੇ ਤਜਰਬੇ ਹੋਰ ਕਿਸਾਨਾਂ ਤੱਕ ਪਹੁੰਚਣ ਤਾਂ ਜੋ ਸਫਲ ਮਾਡਲ ਵੱਡੇ ਪੱਧਰ ’ਤੇ ਅਪਣਾਏ ਜਾ ਸਕਣ।
ਮਾਨਵ ਵਿਕਾਸ ਸੰਸਥਾਨ ਤੋਂ ਧਨੰਜਯ ਨੇ ਕਿਹਾ ਕਿ ਕਿਸਾਨਾਂ ਨਾਲ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਅਤੇ ਭਰੋਸਾ ਬਣਾਉਣਾ ਟਿਕਾਊ ਖੇਤੀ ਅਪਣਾਉਣ ਲਈ ਬਹੁਤ ਜਰੂਰੀ ਹੈ। ਆਈਪੀਐਸ ਫਾਊਂਡੇਸ਼ਨ ਦੇ ਅਜੈ ਮਲਿਕ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਜਰੂਰੀ ਹੈ ਅਤੇ ਸਾਂਝ ਪੰਜਾਬ ਵਰਗੇ ਮੰਚ ਕਿਸਾਨਾਂ ਅਤੇ ਸੰਸਥਾਵਾਂ ਨੂੰ ਇਕੱਠਾ ਲਿਆਉਂਦੇ ਹਨ।
ਕਲੀਨ ਏਅਰ ਪੰਜਾਬ ਦੀ ਸਟੇਟ ਲੀਡ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਫ਼ ਹਵਾ ਮੁਹਿੰਮ ਵਿੱਚ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਅਜਿਹੀਆਂ ਪਹਿਲਾਂ ਨਾਲ ਵਾਤਾਵਰਣ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ।
ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਪਰਾਲੀ ਪ੍ਰਬੰਧਨ, ਮਸ਼ੀਨਾਂ ਦੇ ਇਸਤੇਮਾਲ, ਫਸਲ ਵਿਭਿੰਨਤਾ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ’ਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ


