
ਅੰਮ੍ਰਿਤਸਰ, 17 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ (ਰਜਿ.) ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਚਲਾਈ ਜਾ ਰਹੀ ਸਹਿਯੋਗ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਿਉਲੀ ਨੂੰ ਇੱਕ ਵੱਡਾ ਇਨਵਰਟਰ ਅਤੇ ਸਰਕਾਰੀ ਹਾਈ ਸਕੂਲ ਕਾਰਕੌਰ ਨੂੰ ਪੰਜ ਛੱਤ ਵਾਲੇ ਪੱਖੇ ਦਾਨ ਕੀਤੇ ਗਏ।
ਇਸ ਮੌਕੇ ਸੰਸਥਾ ਦੇ ਮੈਂਬਰਾਂ ਅਤੇ ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸ਼ੈਲਟਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਸਰਕਾਰੀ ਸਕੂਲਾਂ ਦੀ ਲਗਾਤਾਰ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਹਾਇਤਾ ਵਿੱਚ ਖੇਡ ਮੈਦਾਨ, ਬਿਜਲੀ ਦੀਆਂ ਸਹੂਲਤਾਂ, ਪੱਖੇ, ਸਾਫ਼ ਪਾਣੀ, ਵਾਟਰ ਕੂਲਰ, ਪਖਾਨੇ, ਬੈਂਚ, ਕਮਰੇ, ਧੂੰਆਂ-ਰਹਿਤ ਭੱਠੀ-ਚੁੱਲ੍ਹੇ ਅਤੇ ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ।
ਡਾ. ਮੁਲਤਾਨੀ ਨੇ ਕਿਹਾ ਕਿ ਲੋੜਵੰਦ ਸਕੂਲਾਂ ਲਈ ਇਹ ਸੇਵਾ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਸਕੂਲਾਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹਨ। ਇਸ ਲਈ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਸੇਵਾ ਜਾਂ ਦਾਨ ਕਰਦਿਆਂ ਸਕੂਲਾਂ ਅਤੇ ਹਸਪਤਾਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਵੱਲ ਧਿਆਨ ਦਿੱਤੇ ਬਿਨਾਂ ਚੰਗੀ ਪੜ੍ਹਾਈ ਦੀ ਆਸ ਨਹੀਂ ਕੀਤੀ ਜਾ ਸਕਦੀ। “ਸਵਸਥ ਸਰੀਰ ਵਿੱਚ ਹੀ ਸਵਸਥ ਦਿਮਾਗ਼ ਦਾ ਵਿਕਾਸ ਹੋ ਸਕਦਾ ਹੈ।”
ਡਾ. ਮੁਲਤਾਨੀ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਸਿਹਤ ਦੀ ਜਾਂਚ ਅਤੇ ਵੱਡੀਆਂ ਬਿਮਾਰੀਆਂ ਦੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਹਰ ਸਾਲ ਬੱਚਿਆਂ ਦਾ ਸਿਹਤ ਮੁਆਇਨਾ ਕਰਦੀਆਂ ਹਨ ਅਤੇ ਲੋੜ ਅਨੁਸਾਰ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ, ਤਾਂ ਜੋ “ਇੱਕ ਅਧਿਆਪਕ—ਇੱਕ ਸਕੂਲ ਦੇ ਦਾਗ਼ ਤੋਂ ਬਚਿਆ ਜਾ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਦੀ ਨੀਂਹ ਹੋਰ ਮਜ਼ਬੂਤ ਕੀਤੀ ਜਾ ਸਕੇ।
ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ , ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖਜ਼ਾਨਚੀ ਰਘੁਬੀਰ ਜੁਨੇਜਾ, ਚੰਦਰਪਾਲ ਅੱਤਰੀ ਪੱਤਰਕਾਰ, ਸਾਬਕਾ ਐਮ ਸੀ ਪਵਨ ਕੁਮਾਰ , ਮਨੋਜ ਮਹਿਤਾ, ਜੱਗੀ ਤੁਸ਼ਾਰ, ਅਮਨ , ਸੰਨਦੀਪ ਜਿਉਲੀ ਤੋਂ ਇਲਾਵਾ ਸਕੂਲਾਂ ਦੇ ਟੀਚਰ ਵੀ ਹਾਜ਼ਰ ਸਨ।



