ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਇਲਮੇਨਾਊ ਦਾ ਵਫ਼ਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਹੁੰਚਿਆ

ਅੰਮ੍ਰਿਤਸਰ,9 ਅਕਤੂਬਰ 2025 (ਅਭਿਨੰਦਨ ਸਿੰਘ)
ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਇਲਮੇਨਾਊ ਦਾ ਇੱਕ ਵਫ਼ਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਹੁੰਚਿਆ। ਵਫ਼ਦ ਦੀ ਅਗਵਾਈ ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਫੈਕਲਟੀ ਦੇ ਡੀਨ ਪ੍ਰੋਫੈਸਰ ਹੈਨਸ ਟੋਪਫਰ ਨੇ ਕੀਤੀ, ਜਿਸ ਵਿੱਚ ਡਾ. ਸੁਖਦੀਪ ਸਿੰਘ ਵੀ ਸ਼ਾਮਲ ਸਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਪਲਵਿੰਦਰ ਸਿੰਘ, ਡਾਇਰੈਕਟਰ ਇੰਟਰਨੈਸ਼ਨਲ ਰਿਲੇਸ਼ਨਜ਼ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਫ਼ਦ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਕੈਮਿਸਟਰੀ ਫੈਕਲਟੀ ਦੇ ਅਧਿਆਪਕ ਵੀ ਸ਼ਾਮਲ ਸਨ।
ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਸੰਖੇਪ ਵੇਰਵਾ ਦਿੰਦਿਆਂ ਯੂਨੀਵਰਸਿਟੀ ਦੀਆਂ ਮੁੱਖ ਪਹਿਲਕਦਮੀਆਂ ਅਤੇ ਪੰਜਾਬ ਤੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ, ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਪਲਵਿੰਦਰ ਸਿੰਘ ਨੇ ਅੰਤਰਰਾਸ਼ਟਰੀ ਵਿਕਾਸ, ਖਾਸ ਕਰਕੇ ਅੰਤਰਰਾਸ਼ਟਰੀ ਵਿਗਿਆਨਕ ਖੋਜ ਸਹਿਯੋਗ ਵਿੱਚ ਯੂਨੀਵਰਸਿਟੀ ਦੀ ਮਜ਼ਬੂਤ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਵਫ਼ਦ ਨੂੰ ਯੂਨੀਵਰਸਿਟੀ ਦੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਵੱਖ-ਵੱਖ ਵਿਸ਼ਿਆਂ ਵਿੱਚ ਸਹਿਯੋਗ ਅਤੇ ਤਕਰੀਬਨ ਇੱਕ ਦਹਾਕੇ ਤੋਂ ਚੱਲ ਰਹੇ ਆਦਾਨ-ਪ੍ਰਦਾਨ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵੇਂ ਯੂਨੀਵਰਸਿਟੀਆਂ ਆਪਸੀ ਸਹਿਯੋਗ ਨੂੰ ਹੋਰ ਵਧਾਉਣਗੀਆਂ ਅਤੇ ਪ੍ਰਤਿਭਾ ਵਿਕਾਸ ਅਤੇ ਵਿਗਿਆਨਕ ਖੋਜ ਵਰਗੇ ਖੇਤਰਾਂ ਵਿੱਚ ਆਪਸੀ ਲਾਭਕਾਰੀ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ।
ਪ੍ਰੋਫੈਸਰ ਹੈਨਸ ਟੋਪਫਰ ਨੇ ਯੂਨੀਵਰਸਿਟੀ ਵੱਲੋਂ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਟੈਕਨੀਕਲ ਯੂਨੀਵਰਸਿਟੀ ਇਲਮੇਨਾਊ, ਇਸ ਦੇ ਵਿਸ਼ਿਆਂ, ਮੇਜਰਾਂ ਅਤੇ ਅੰਤਰ-ਅਨੁਸ਼ਾਸਨੀ ਖੋਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਪਹਿਲਾਂ ਤੋਂ ਮੌਜੂਦ ਸਹਿਯੋਗ ਦੀ ਮਜ਼ਬੂਤ ਨੀਂਹ ਅਤੇ ਸਾਂਝੀਆਂ ਸੰਭਾਵਨਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੰਮ੍ਰਿਤਸਰ ਦੀ ਇਸ ਮਹੱਤਵਪੂਰਨ ਫੇਰੀ ਨੂੰ ਸਫਲਤਾਪੂਰਵਕ ਤਾਲਮੇਲ ਕਰਨ ਲਈ ਯੂਨੀਵਰਸਿਟੀ ਦੇ ਗਲੋਬਲ ਰੈਂਕਿੰਗ ਅਤੇ ਅੰਤਰਰਾਸ਼ਟਰੀ ਸਹਿਯੋਗ ਸੈੱਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਲਦੀ ਤੋਂ ਜਲਦੀ ਯੂਨੀਵਰਸਿਟੀ-ਪੱਧਰ ਦੀ ਭਾਈਵਾਲੀ ਸਥਾਪਤ ਕਰਨ ਅਤੇ ਵਧੇਰੇ ਉੱਚ-ਪੱਧਰੀ ਨਵੀਨਤਾਕਾਰੀ ਪ੍ਰਤਿਭਾਵਾਂ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਦੀ ਉਮੀਦ ਜਤਾਈ।
ਡਾਇਰੈਕਟਰ ਇੰਟਰਨੈਸ਼ਨਲ ਰਿਲੇਸ਼ਨਜ਼ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਟੈਕਨੀਕਲ ਯੂਨੀਵਰਸਿਟੀ ਜਰਮਨੀ ਨਾਲ ਸਾਂਝੀ ਡਿਗਰੀ ਪ੍ਰੋਗਰਾਮ ਸ਼ੁਰੂ ਕਰਨ ਅਤੇ ਵਿਗਿਆਨਕ ਤੇ ਵਿੱਦਿਅਕ ਪ੍ਰੋਜੈਕਟਾਂ ਦੇ ਵਿਕਾਸ ’ਤੇ ਵਿਚਾਰ-ਵਟਾਂਦਰਾ ਹੋਇਆ। ਖਾਸ ਤੌਰ ’ਤੇ ਵਿਭਾਗ ਵਿਗਿਆਨ ਅਤੇ ਤਕਨਾਲੋਜੀ, ਯੂਰਪੀਅਨ ਯੂਨੀਅਨ, ਜਰਮਨ ਅਕਾਦਮਿਕ ਐਕਸਚੇਂਜ ਸਰਵਿਸ (ਡੀ.ਏ.ਏ.ਡੀ.) ਅਤੇ ਇਰੈਸਮਸ+ ਪ੍ਰੋਗਰਾਮਾਂ ਅਧੀਨ ਫੰਡ ਪ੍ਰਾਪਤ ਪ੍ਰੋਜੈਕਟਾਂ ’ਤੇ ਚਰਚਾ ਹੋਈ। ਡਾ. ਬੇਦੀ ਨੇ ਅੱਗੇ ਕਿਹਾ ਕਿ ਆਪਸੀ ਹਿੱਤਾਂ ਦੇ ਅਧਾਰ ’ਤੇ, ਜਰਮਨ ਯੂਨੀਵਰਸਿਟੀ ਦੀਆਂ ਸਾਰੀਆਂ ਫੈਕਲਟੀਆਂ, ਜਿਵੇਂ ਕਿ ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਇੰਜਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ, ਫਾਰਮਾਸਿਊਟੀਕਲ ਸਾਇੰਸਿਜ਼, ਬਾਇਓਟੈਕਨਾਲੋਜੀ, ਕੈਮਿਸਟਰੀ ਅਤੇ ਮੀਡੀਆ ਨਾਲ ਸਹਿਯੋਗ ਸੰਭਵ ਹੈ। ਉਨ੍ਹਾਂ ਨੇ ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਨਾਲ ਨਿਰੰਤਰ ਸਹਿਯੋਗ ਨੂੰ ਹੋਰ ਡੂੰਘਾ ਕਰਨ ਅਤੇ ਵਿਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਦੀ ਉਮੀਦ ਜਤਾਈ।