ਪ੍ਰੋ. ਡਾ. ਕਰਮਜੀਤ ਸਿੰਘ ਦੇ ਯੋਗਦਾਨ: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗਲੋਬਲ ਪੱਧਰ ‘ਤੇ ਲੈ ਜਾਣ ਵਾਲੀ ਯਾਤਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ

ਅੰਮ੍ਰਿਤਸਰ,11 ਦਸੰਬਰ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਉਸ ਮੋੜ ’ਤੇ ਖੜ੍ਹੀ ਹੈ ਜਿੱਥੇ ਵਿਦਿਆ ਦਾ ਚਾਨਣ ਕਿਤਾਬਾਂ ਰਾਹੀਂ ਹਰ ਨੌਜਵਾਨ ਦੇ ਹੱਥਾਂ ਵਿੱਚ ਇੱਕ ਮਸ਼ਾਲ ਬਣ ਕੇ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਕਰ ਰਿਹਾ ਹੈ।
ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਹ ਯੂਨੀਵਰਸਿਟੀ ਇੱਕ ਸਾਲ ਵਿੱਚ ਹੀ ਇੱਕ ਅਜਿਹੇ ਸੁਪਨੇ ਨੂੰ ਹਕੀਕਤ ਦੇ ਰੂਪ ਵਿੱਚ ਬਦਲ ਰਹੀ ਹੈ ਜਿੱਥੇ ਵਿਦਿਆਰਥੀ ਨਾ ਸਿਰਫ਼ ਡਿਗਰੀ ਲੈ ਕੇ ਨਿਕਲਦਾ ਹੈ, ਬਲਕਿ ਆਪਣੇ ਨਾਲ ਇੱਕ ਨਵਾਂ ਸਟਾਰਟਅੱਪ, ਇੱਕ ਨਵੀਂ ਤਕਨੀਕ ਜਾਂ ਸਮਾਜ ਲਈ ਇੱਕ ਨਵਾਂ ਹੱਲ ਲੈ ਕੇ ਨਿਕਲਦਾ ਹੈ।
ਇਹ ਨਵੀਂ ਸਵੇਰ ਪੰਜਾਬ ਦੇ ਪੇਂਡੂ ਅਤੇ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਲਈ ਵੀ ਬਰਾਬਰ ਦੀ ਚਮਕ ਲੈ ਕੇ ਆਈ ਹੈ।
ਇੱਕ ਸਾਲ ਪਹਿਲਾਂ ਜਦੋਂ ਪ੍ਰੋ. ਡਾ. ਕਰਮਜੀਤ ਸਿੰਘ ਨੇ ਅਹੁਦਾ ਸੰਭਾਲਿਆ ਸੀ, ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਕਈ ਸੁਪਨੇ ਸੰਜੋਏ ਸਨ ਜੋ ਹੁਣ ਪੂਰੇ ਹੁੰਦੇ ਨਜ਼ਰ ਆ ਰਹੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਪਿਛਲੇ ਸਾਲ 10 ਦਸੰਬਰ ਨੂੰ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ ਹੋਣ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨੇ ਵਧਾਈਆਂ ਦਿੱਤੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ, ਆਫਿਸਰ ਐਸੋਸੀਏਸ਼ਨ ਅਤੇ ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਵਾਈਸ ਚਾਂਸਲਰ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਹੈ
ਪ੍ਰੋ. ਡਾ. ਕਰਮਜੀਤ ਸਿੰਘ ਨੇ ਆਪਣੇ ਲੰਮੇ ਅਕਾਦਮਿਕ ਕਰੀਅਰ ਵਿੱਚ ਹਮੇਸ਼ਾ ਵਿਦਿਆ ਨੂੰ ਸਮਾਜ ਨਾਲ ਜੋੜਨ ‘ਤੇ ਜ਼ੋਰ ਦਿੱਤਾ ਹੈ। ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਫਾਰ ਮੈਨੇਜਮੈਂਟ ਐਂਡ ਲੀਡਰਸ਼ਿਪ, ਬੈਸਟ ਬਿਜ਼ਨਸ ਅਕਾਡੈਮਿਕ ਐਵਾਰਡ ਅਤੇ ਹੋਰ ਅਨੇਕਾਂ ਸਨਮਾਨ ਮਿਲੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਉਹਨਾਂ ਨੇ ਅਕਾਦਮਿਕ ਨਵੀਨੀਕਰਨ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ। ਉਦਯੋਗਿਕ ਮੰਗਾਂ ਅਤੇ ਨਵੀਆਂ ਤਕਨੀਕਾਂ ਨਾਲ ਕਰੀਕੁਲਮ ਨੂੰ ਜੋੜਨ ਵਾਲੇ ਉਹਨਾਂ ਦੇ ਯੋਗਦਾਨ ਨਾਲ ਯੂਨੀਵਰਸਿਟੀ ਨੇ ਬੀ.ਟੈੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ (4 ਸਾਲਾ), ਐੱਮ.ਟੈੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ (2 ਸਾਲਾ), ਬੈਚਲਰ ਆਫ਼ ਡਿਜ਼ਾਈਨ (ਇੰਟੀਰੀਅਰ, ਪ੍ਰੋਡਕਟ ਅਤੇ ਐਨੀਮੇਸ਼ਨ ਵਿੱਚ ਵਿਸ਼ੇਸ਼ਤਾ), ਐੱਮ.ਐੱਸਸੀ. ਵਾਤਾਵਰਣ ਵਿਗਿਆਨ (5 ਸਾਲਾ ਏਕੀਕ੍ਰਿਤ) ਵਰਗੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਏਆਈ, ਹਿੰਦੀ ਪੱਤਰਕਾਰਿਤਾ, ਐੱਮ.ਕਾਮ ਡਾਟਾ ਐਨਾਲਿਟਿਕਸ ਅਤੇ ਬੀ.ਟੈੱਕ ਰੋਬੋਟਿਕਸ ਵਰਗੇ ਵਿਸ਼ੇਸ਼ ਕੋਰਸਾਂ ਨੇ ਵਿਦਿਆਰਥੀਆਂ ਨੂੰ ਗਲੋਬਲ ਮਾਰਕੀਟ ਲਈ ਤਿਆਰ ਕੀਤਾ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਨੌਕਰੀਆਂ ਪ੍ਰਦਾਨ ਕਰਨਗੇ ਬਲਕਿ ਨਵੀਨਤਾ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਗੇ, ਜੋ ਪੰਜਾਬ ਦੀ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ।
ਖੋਜ ਅਤੇ ਵਿਗਿਆਨਕ ਵਿਕਾਸ ਵਿੱਚ ਪ੍ਰੋ. ਡਾ. ਕਰਮਜੀਤ ਸਿੰਘ ਦਾ ਯੋਗਦਾਨ ਅਮੁਲ ਹੈ। ਉਹਨਾਂ ਨੇ ਖੋਜ ਫੰਡ ਸਥਾਪਿਤ ਕਰਕੇ 100 ਪੀਐੱਚ.ਡੀ. ਫੈਲੋਸ਼ਿਪਾਂ ਸ਼ੁਰੂ ਕੀਤੀਆਂ ਹਨ, ਜਿੱਥੇ ਹਰ ਵਿਦਵਾਨ ਨੂੰ ਮਹੀਨੇਵਾਰ 8,000 ਰੁਪਏ ਮਿਲਣ ਡਦੀ ਤਜ਼ਵੀਜ ਹੈ । ਨਤੀਜੇ ਵਜੋਂ, ਯੂਨੀਵਰਸਿਟੀ ਦਾ ਐੱਚ-ਇੰਡੈਕਸ ਵਧ ਕੇ 173 ਹੋ ਗਿਆ ਹੈ ਅਤੇ ਸਕੋਪਸ-ਇੰਡੈਕਸਡ ਪ੍ਰਕਾਸ਼ਨਾਂ 11,331 ਹੋ ਗਈਆਂ ਹਨ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਨਤਾ ਮਿਲ ਰਹੀ ਹੈ ਬਲਕਿ ਪੰਜਾਬ ਵਿੱਚ ਵਿਗਿਆਨਕ ਹੱਲ ਵੀ ਪੈਦਾ ਹੋ ਰਹੇ ਹਨ। ਉਦਾਹਰਨ ਵਜੋਂ, ਉਹਨਾਂ ਨੇ ਪੰਜਾਬ ਦੇ ਪਾਣੀ ਸੰਕਟ ਅਤੇ ਹੜਾਂ ਨਿਯੰਤਰਣ ਲਈ ਵਰਕਸ਼ਾਪ ਆਯੋਜਿਤ ਕੀਤੀ ਅਤੇ ਇੱਕ ਵਿਸਥਾਰਤ ਨੀਤੀ ਦਸਤਾਵੇਜ਼ ਤਿਆਰ ਕਰਕੇ ਸਰਕਾਰਾ ਨੂੰ ਸੌਂਪਿਆ ਹੈ। ਇਹ ਯੋਗਦਾਨ ਭਵਿੱਖ ਵਿੱਚ ਪੰਜਾਬ ਨੂੰ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ।
ਸਰਬੱਤ ਦੇ ਭਲੇ ਵਾਲਾ ਵਿਕਾਸ ਅਤੇ ਵਿਦਿਆਰਥੀ ਦੀ ਉਨਤੀ ਵਿੱਚ ਉਹਨਾਂ ਨੇ ਵਿਸ਼ੇਸ਼ ਧਿਆਨ ਦਿੱਤਾ ਹੈ। ਹਰੇਕ ਸ਼੍ਰੇਣੀ ਵਿੱਚ ਬਾਰਡਰ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ 5 ਫੀਸਦੀ ਰਾਖਵਾਂਕਰਨ, ਹੜ੍ਹ – ਪ੍ਰਭਾਵਿਤ ਪਿੰਡਾਂ ਨੂੰ ਰਿਆਇਤਾਂ ਅਤੇ ਅਜਨਾਲਾ ਵਿਧਾਨ ਸਭਾ ਵਿੱਚ ਇੱਕ ਪਿੰਡ ਨੂੰ ਗੋਦ ਲੈਣ ਵਰਗੇ ਕੰਮਾਂ ਨਾਲ ਉਹਨਾਂ ਨੇ ਸਭ ਵਰਗਾਂ ਨੂੰ ਉੱਚ ਸਿੱਖਿਆ ਨਾਲ ਜੋੜਿਆ ਹੈ। ਹਰ ਡਿਗਰੀ ਵਿੱਚ ਉੱਦਮੀਅਤਾ ਅੰਗ ਨੂੰ ਜ਼ਰੂਰੀ ਬਣਾਉਣ ਨਾਲ ਵਿਦਿਆਰਥੀ ਨੌਕਰੀ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਪੈਦਾ ਕਰਨ ਵਾਲੇ ਬਣ ਰਹੇ ਹਨ।
ਉੱਦਮੀਅਤਾ ਨੂੰ ਉਤਸ਼ਾਹਿਤ ਕਰਨ ਵਿੱਚ ਗੋਲਡਨ ਜੁਬਲੀ ਸੈਂਟਰ ਫਾਰ ਉੱਦਮੀਤਾ ਐਂਡ ਇਨੋਵੇਸ਼ਨ (ਜੀਜੇਸੀਈਆਈ) ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਪ੍ਰੋ. ਡਾ. ਕਰਮਜੀਤ ਸਿੰਘ ਨੇ ਮਜ਼ਬੂਤ ਕੀਤਾ ਹੈ। ਰੋਬੋਟਿਕਸ, ਏਆਈ, ਸੀਏਡੀ ਅਤੇ ਆਈਪੀਆਰ ਵਰਕਸ਼ਾਪਾਂ ਰਾਹੀਂ 40 ਤੋਂ ਵੱਧ ਸਟਾਰਟਅੱਪਾਂ ਨੂੰ ਸਹਾਇਤਾ ਮਿਲੀ ਹੈ, ਖਾਸ ਕਰਕੇ ਔਰਤਾਂ ਅਤੇ ਵੰਚਿਤ ਵਰਗਾਂ ਨੂੰ। ਹਾਲ ਹੀ ਵਿੱਚ ਹੋਏ ਪਾਈਟੈਕਸ ਮੇਲੇ ਵਿੱਚ ਯੂਨੀਵਰਸਿਟੀ ਦੇ ਅੱਠ ਨਵੇਂ ਐਂਟਰਪ੍ਰੀਨਰਾਂ ਦੀ ਕਾਮਯਾਬੀ ਇਸ ਦਾ ਸਬੂਤ ਹੈ। ਇਹ ਪਹਿਲਕਦਮੀ ਭਵਿੱਖ ਵਿੱਚ ਪੰਜਾਬ ਵਿੱਚ ਬੇਰੁਜ਼ਗਾਰੀ ਘਟਾਏਗੀ ਅਤੇ ਆਰਥਿਕ ਲਹਿਰ ਪੈਦਾ ਕਰੇਗੀ। ਵਿਦਿਆਰਥੀਆਂ ਨੂੰ ਕੋਰਸ ਨਾਲ ਨਾਲ ਬਿਜ਼ਨਸ ਸ਼ੁਰੂ ਕਰਨ ਦੀ ਰੀਤ ਸਿਖਾਉਣ ਨਾਲ ਉਹ ਨੌਕਰੀਆਂ ਪੈਦਾ ਕਰਨ ਵਾਲੇ ਬਣ ਰਹੇ ਹਨ, ਜੋ ਸਮਾਜੀ ਤਰੱਕੀ ਲਈ ਹੁਣ ਜਰੂਰੀ ਹੋ ਗਿਆ ਹੈ ।
ਅੰਤਰਰਾਸ਼ਟਰੀ ਸਹਿਯੋਗ ਵਿੱਚ ਉਹਨਾਂ ਨੇ ਯੂਨੀਵਰਸਿਟੀ ਨੂੰ ਗਲੋਬਲ ਪੱਧਰ ‘ਤੇ ਲਿਆਂਦਾ ਹੈ। ਸਮਰਕੰਦ ਸਟੇਟ ਯੂਨੀਵਰਸਿਟੀ (ਉਜ਼ਬੇਕਿਸਤਾਨ) ਅਤੇ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ (ਕੈਨੇਡਾ) ਨਾਲ ਐੱਮਓਯੂ, ਫਰਾਂਸੀਸੀ ਰਾਜਦੂਤ ਦਾ ਦੌਰਾ ਅਤੇ ਕੈਲੀਫੋਰਨੀਆ (ਯੂਐੱਸਏ) ਵਿੱਚ ਪਹਿਲਾ ਆਫਸ਼ੋਰ ਕੈਂਪਸ ਸਥਾਪਿਤ ਕਰਨ ਦੀ ਪ੍ਰਵਾਨਗੀ ਉਹਨਾਂ ਦੇ ਯੋਗਦਾਨ ਹਨ। ਅਮਰੀਕਾ-ਕੈਨੇਡਾ ਦੌਰੇ ਨਾਲ ਵਿਸ਼ੇਸ਼ ਕਾਰਜਾਂ ਤੋਂ ਇਲਾਵਾ 20 ਲੱਖ ਰੁਪਏ ਦੀਆਂ ਸਕਾਲਰਸ਼ਿਪਾਂ ਪ੍ਰਾਪਤ ਹੋਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਯੂਨੀਵਰਸਿਟੀਆਂ ਨਾਲ ਜੁੜਾਵ ਨੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਦਿੱਤਾ ਹੈ। ਇਹ ਸਹਿਯੋਗ ਪੰਜਾਬੀ ਵਿਰਸੇ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣਗੇ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੌਕੇ ਪ੍ਰਦਾਨ ਕਰਨਗੇ।
ਬੁਨਿਆਦੀ ਢਾਂਚੇ ਵਿੱਚ ਵੀ ਵੱਡੇ ਬਦਲਾਅ ਹੋਏ ਹਨ। ਸੈਂਟਰਲਾਈਜ਼ਡ ਕੰਪਿਉਟਰ ਸੈਂਟਰ, ਟਾਇਲਟਾਂ-ਲੈਬਾਂ ਦੇ ਨਵੀਨੀਕਰਨ, ਉੱਦਮੀਤਾ ਸੈਂਟਰ ਅਤੇ ਖਾਲਸਾ ਹੈਰੀਟੇਜ ਸੈਂਟਰ ਦਾ ਵਿਸਥਾਰ ਉਹਨਾਂ ਦੀ ਦੂਰਅੰਦੇਸ਼ੀ ਨੂੰ ਦਰਸਾਉਂਦੇ ਹਨ। ਇਹ ਵਿਕਾਸ ਵਿਦਿਆਰਥੀਆਂ ਨੂੰ ਵਿਸ਼ਵ-ਸਤਰੀ ਵਾਤਾਵਰਣ ਪ੍ਰਦਾਨ ਕਰਨਗੇ।
ਸਮਾਜੀ ਜ਼ਿੰਮੇਵਾਰੀ ਵਿੱਚ ਐਨੀਮਲ ਵੈਲਫੇਅਰ ਸੋਸਾਇਟੀ ਸਥਾਪਿਤ ਕਰਨ ਨਾਲ ਵਿਦਿਆਰਥੀਆਂ ਵਿੱਚ ਦਯਾ ਭਾਵ ਦਾ ਵਾਧਾ ਹੋਇਆ ਹੈ। ਵਿਦਿਆਰਥੀ ਪ੍ਰਾਪਤੀਆਂ ਵਿੱਚ ਸਿਫਤ ਕੌਰ ਦਾ ਬ੍ਰਾਂਜ਼ ਮੈਡਲ ਅਤੇ 13 ਲੱਖ ਪੈਕੇਜ ਨਾਲ ਪਲੇਸਮੈਂਟਸ ਵੀ ਉਹਨਾਂ ਦੀ ਅਗਵਾਈ ਦਾ ਨਤੀਜਾ ਹਨ। ਹਾਲ ਹੀ ਵਿੱਚ ‘ਚੇਂਜ਼ਮੇਕਰ ਆਫ਼ ਦ ਯੀਅਰ 2025’ ਐਵਾਰਡ, ਕਾਸਮੋਹੈਕਸ’25 ਵਿੱਚ ਪ੍ਰੇਰਨਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਯਾਦ ਕਰਨ ਵਾਲੇ ਹੋਇ ਲੈਕਚਰ ਸੀਰੀਜ ਪ੍ਰੋਗਰਾਮਾਂ ਸੈਮੀਨਾਰ ਅਤੇ ਕਾਨਫਰੰਸਾਂ ਨੇ ਉਹਨਾਂ ਨੂੰ ਵਿਸ਼ਵ ਪੱਧਰੀ ਨੇਤਾ ਵਜੋਂ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਨੇ ਅਕਤੂਬਰ 24 ਨੂੰ ‘ਡੇ ਆਫ਼ ਯੂਨੀਵਰਸਲ ਕੌੰਸ਼ੀਐੰਸ’ ਵਜੋਂ ਯੂਐੱਨ ਵਿੱਚ ਪ੍ਰਸਤਾਵ ਪੇਸ਼ ਕੀਤਾ ਹੈ। ਫਾਊਂਡੇਸ਼ਨ ਡੇ ਅਤੇ ਐਲਮਨਾਈ ਮੀਟ ਵਰਗੇ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।
ਸਰਕਾਰ ਵੱਲੋਂ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼, ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਇੱਕ ਵੱਡੀ ਪਹਿਲਕਦਮੀ ਕਰਨ ਦਾ ਐਲਾਨ ਕੀਤਾ ਹੈ। ਪਵਿੱਤਰ ਅਤੇ ਸਾਫ਼ ਅੰਮ੍ਰਿਤਸਰ ਸ਼ਹਿਰ” ਮਿਸ਼ਨ ਦੀ ਸ਼ੁਰੂਆਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਉੱਚੀ ਸੋਚ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਇੱਕ ਪੰਜ ਨੁਕਤੀ ਰਣਨੀਤੀ ਤਿਆਰ ਕੀਤੀ ਗਈ ਹੈ।
ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਸਾਲ ਵਿੱਚ ਜੋ ਰਾਹ ਤੈਅ ਕੀਤਾ ਹੈ, ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲਿਆਂ ਤੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣ ਦਾ ਰਾਹ ਹੈ।
ਇਹ ਯੂਨੀਵਰਸਿਟੀ ਹੁਣ ਨਵੀਆਂ ਤਕਨੀਕਾਂ, ਉੱਦਮੀਤਾ ਅਤੇ ਸਮਾਜ ਭਲਾਈ ਦਾ ਅਜਿਹਾ ਸੰਗਮ ਬਣ ਰਹੀ ਹੈ ਜਿੱਥੋਂ ਨਿਕਲਣ ਵਾਲਾ ਹਰ ਵਿਦਿਆਰਥੀ ਆਪਣੇ ਨਾਲ ਨਾਲ ਪੰਜਾਬ ਅਤੇ ਭਾਰਤ ਦੀ ਤਰੱਕੀ ਦਾ ਕਾਰਨ ਬਣੇਗਾ।
ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਤੋਂ ਉੱਠਣ ਵਾਲੇ ਨੌਜਵਾਨ ਏਆਈ, ਰੋਬੋਟਿਕਸ, ਵਾਤਾਵਰਣ ਸੰਭਾਲ ਅਤੇ ਸਟਾਰਟਅੱਪਸ ਵਿੱਚ ਦੁਨੀਆਂ ਦੀ ਅਗਵਾਈ ਕਰਨਗੇ ਅਤੇ ਗੁਰੂ ਨਾਨਕ ਦੇਵ ਜੀ ਦੇ “ਸਰਬੱਤ ਦਾ ਭਲਾ” ਵਾਲੇ ਸੰਦੇਸ਼ ਨੂੰ ਵਿਗਿਆਨ ਤੇ ਤਕਨਾਲੋਜੀ ਦੀ ਭਾਸ਼ਾ ਵਿੱਚ ਸਾਰੀ ਦੁਨੀਆਂ ਤੱਕ ਪਹੁੰਚਾਉਣਗੇ।
ਇਹ ਨਵੀਂ ਸਵੇਰ ਸਿਰਫ਼ ਇੱਕ ਯੂਨੀਵਰਸਿਟੀ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਹੈ।


