Breaking NewsNews
Trending
ਪੰਜਾਬ ਸਰਕਾਰ ਦੀ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਹਲਕਾ ਅੰਮ੍ਰਿਤਸਰ ਉੱਤਰੀ ਦੀਆਂ 100 ਉੱਦਮੀ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ : ਕਰਮਜੀਤ ਸਿੰਘ ਰਿੰਟੂ
ਅੰਮ੍ਰਿਤਸਰ, 07 ਮਾਰਚ 2026 (ਸੁਖਬੀਰ ਸਿੰਘ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਹੋਰ ਵੱਡਾ ਯੋਗਦਾਨ ਪਾ ਸਕਣ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਉੱਤਰੀ ਹਲਕੇ ਦੇ ਇੰਚਾਰਜ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਸ. ਕਰਮਜੀਤ ਸਿੰਘ ਰਿੰਟੂ ਨੇ ਕਮਿਊਨਿਟੀ ਹਾਲ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਤਹਿਤ ‘ਮਹਿਲਾ ਉੱਦਮੀ ਸਨਮਾਨ’ ਸਮਾਗਮ ਦੌਰਾਨ ਕੀਤਾ।
ਇਸ ਸਮਾਗਮ ਵਿੱਚ ਵਿਧਾਨਸਭਾ ਹਲਕਾ ਅੰਮ੍ਰਿਤਸਰ ਉੱਤਰੀ ਨਾਲ ਸੰਬੰਧਿਤ ਲਗਭਗ 100 ਉੱਦਮੀ ਮਹਿਲਾਵਾਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸ. ਰਿੰਟੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਮਹਿਲਾਵਾਂ ਦੀ ਭਾਗੀਦਾਰੀ ਸਮਾਜ ਦੇ ਹਰ ਅਹਿਮ ਖੇਤਰ ਵਿੱਚ ਲਗਾਤਾਰ ਵਧ ਰਹੀ ਹੈ। ਛੋਟੇ ਪੱਧਰ ਦੇ ਘਰੇਲੂ ਕਾਰੋਬਾਰਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਅਤੇ ਉਦਯੋਗਾਂ ਤੱਕ ਮਹਿਲਾਵਾਂ ਆਪਣੀ ਯੋਗਤਾ ਅਤੇ ਕਾਬਲੀਅਤ ਨਾਲ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਥੋਂ ਤੱਕ ਕਿ ਵਿਗਿਆਨ, ਤਕਨਾਲੋਜੀ ਅਤੇ ਪੁਲਾੜ ਖੇਤਰ ਵਰਗੇ ਉੱਚ ਪੱਧਰੀ ਮੈਦਾਨਾਂ ਵਿੱਚ ਵੀ ਮਹਿਲਾਵਾਂ ਆਪਣੀ ਮਿਹਨਤ ਅਤੇ ਲਗਨ ਨਾਲ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਮਹਿਲਾਵਾਂ ਘਰ ਬੈਠੇ ਟਿਫਿਨ ਸੇਵਾ, ਸਿਲਾਈ-ਕਢਾਈ, ਬਿਊਟੀ ਵਰਕ, ਸੈਲੂਨ, ਹਸਤ-ਸ਼ਿਲਪ ਅਤੇ ਹੋਰ ਛੋਟੇ ਕਾਰੋਬਾਰਾਂ ਰਾਹੀਂ ਨਾ ਸਿਰਫ਼ ਆਪਣੀ ਆਰਥਿਕ ਖੁਦਮੁਖਤਿਆਰੀ ਵੱਲ ਕਦਮ ਬਧਾ ਰਹੀਆਂ ਹਨ, ਸਗੋਂ ਆਪਣੇ ਪਰਿਵਾਰਾਂ ਦੀ ਆਮਦਨ ਵਿੱਚ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਨਾਲ ਸਮਾਜ ਵਿੱਚ ਮਹਿਲਾਵਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਉਹ ਆਤਮ ਵਿਸ਼ਵਾਸ ਨਾਲ ਅੱਗੇ ਵਧ ਰਹੀਆਂ ਹਨ।
ਸ. ਰਿੰਟੂ ਨੇ ਦੱਸਿਆ ਕਿ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਅਤੇ ਉਨ੍ਹਾਂ ਦੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਮਹਿਲਾਵਾਂ ਦੇ ਹੁਨਰ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਮਹਿਲਾਵਾਂ ਵਿੱਚ ਆਪਣੇ ਕੰਮ ਪ੍ਰਤੀ ਗੌਰਵ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਮਾਜ ਅਤੇ ਸਰਕਾਰ ਉਨ੍ਹਾਂ ਦੀ ਮਿਹਨਤ ਅਤੇ ਯੋਗਦਾਨ ਦੀ ਕਦਰ ਕਰਦੇ ਹਨ ਤਾਂ ਉਹ ਹੋਰ ਵੱਧ ਹਿੰਮਤ ਅਤੇ ਉਤਸ਼ਾਹ ਨਾਲ ਅੱਗੇ ਵਧਦੀਆਂ ਹਨ।
ਅੰਤ ਵਿੱਚ ਸ. ਰਿੰਟੂ ਨੇ ਕਿਹਾ ਕਿ ਸਮਾਜ ਦੀ ਤਰੱਕੀ ਤਦ ਹੀ ਸੰਭਵ ਹੈ ਜਦੋਂ ਮਹਿਲਾਵਾਂ ਨੂੰ ਸਮਾਨ ਮੌਕੇ ਅਤੇ ਯੋਗ ਮਾਣ-ਸਨਮਾਨ ਮਿਲੇ। ਪੰਜਾਬ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਤਰੱਕੀ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ।



