Breaking NewsNews
Trending

ਸ਼੍ਰੋਮਣੀ ਕਮੇਟੀ ਸਿੱਖਾਂ ਦੇ ਸੁਤੰਤਰ ਗਲੋਬਲ ਮੀਡੀਆ ਪਲੇਟਫਾਰਮ ਸਬੰਧੀ ਆਏ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕਰੇ : ਪ੍ਰੋ. ਸਰਚਾਂਦ ਸਿੰਘ ਖਿਆਲਾ

ਸਿੱਖ ਮਰਿਆਦਾ, ਸੰਪਾਦਕੀ ਸੁਤੰਤਰਤਾ ਅਤੇ ਪੰਥਕ ਨਿਗਰਾਨੀ ਨੂੰ ਯਕੀਨੀ ਬਣਾਉਂਦਿਆਂ ਫੈਸਲਾ ਲਿਆ ਜਾਵੇ

ਅੰਮ੍ਰਿਤਸਰ, 11 ਜੂਨ 2026 (ਅਭਿਨੰਦਨ ਸਿੰਘ)

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜੀ.ਟੀ.ਸੀ. ਨੈੱਟਵਰਕ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਡਾ. ਰਬਿੰਦਰ ਨਾਰਾਇਣ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਿਨਾਂ ਕਿਸੇ ਵਿੱਤੀ ਬੋਝ ਦੇ ਇੱਕ ਸਮਰਪਿਤ 24 ਘੰਟੇ ਦੇ ਗਲੋਬਲ ਸੈਟੇਲਾਈਟ ਅਤੇ ਡਿਜੀਟਲ ਚੈਨਲ ਦੀ ਸਥਾਪਨਾ ਲਈ ਦਿੱਤੇ ਗਏ ਪ੍ਰਸਤਾਵ ਦਾ ਸਵਾਗਤ ਕਰਦਿਆਂ ਐਸ.ਜੀ.ਪੀ.ਸੀ. ਨੂੰ ਇਸ ਮਾਮਲੇ ‘ਤੇ ਤੁਰੰਤ ਅਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਦੁਨੀਆ ਭਰ ਵਿਚ ਵੱਸਦੀ ਸਿੱਖ ਸੰਗਤ ਲੰਮੇ ਸਮੇਂ ਤੋਂ ਅਜਿਹੇ ਸੁਤੰਤਰ ਮੀਡੀਆ ਪਲੇਟਫਾਰਮ ਦੀ ਮੰਗ ਕਰਦੀ ਆ ਰਹੀ ਹੈ, ਜੋ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਪੰਥਕ ਸਰੋਕਾਰਾਂ ਅਤੇ ਸਿੱਖ ਸੰਸਥਾਵਾਂ ਦੀਆਂ ਗਤੀਵਿਧੀਆਂ ਨੂੰ ਪ੍ਰਮਾਣਿਕ ਅਤੇ ਮਰਯਾਦਿਤ ਢੰਗ ਨਾਲ ਵਿਸ਼ਵ ਪੱਧਰ ‘ਤੇ ਪਹੁੰਚਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਨਿੱਜੀ ਸੈਟੇਲਾਈਟ ਚੈਨਲ ਦੀ ਸਥਾਪਨਾ ਲਈ ਵੱਖ-ਵੱਖ ਪੱਧਰਾਂ ‘ਤੇ ਯਤਨ ਕੀਤੇ ਜਾਂਦੇ ਰਹੇ ਹਨ, ਪਰ ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਸਮੇਂ-ਸਮੇਂ ‘ਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਿਸ਼ਾ ਵਿੱਚ ਪਹਿਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਅਜਿਹੀ ਸਥਿਤੀ ਵਿਚ ਜੇਕਰ ਪ੍ਰਸਾਰਣ ਖੇਤਰ ਨਾਲ ਜੁੜੇ ਤਜਰਬੇਕਾਰ ਵਿਅਕਤੀ ਵੱਲੋਂ ਕੋਈ ਵਿਵਹਾਰਕ ਅਤੇ ਸਾਰਥਕ ਪ੍ਰਸਤਾਵ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਕੇਵਲ ਅਕਾਰਨ ਰੱਦ ਕਰਨ ਦੀ ਬਜਾਏ, ਪੰਥਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਸ ਦਾ ਨਿਰਪੱਖ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

ਪ੍ਰੋ. ਖਿਆਲਾ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪਰਿਵਾਰ ਦੇ ਨਿੱਜੀ ਚੈਨਲ ਨੂੰ ਲੰਮੇ ਸਮੇਂ ਤੱਕ ਗੁਰਬਾਣੀ ਪ੍ਰਸਾਰਣ ਲਈ ਅਧਿਕਾਰਤ ਕੀਤੇ ਜਾਣ ਕਾਰਨ ਸੰਸਥਾ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਦੇ ਵੱਡੇ ਹਿੱਸੇ ਵੱਲੋਂ ਗੁਰਬਾਣੀ ਪ੍ਰਸਾਰਣ ਉੱਤੇ ਕਿਸੇ ਵੀ ਤਰ੍ਹਾਂ ਦੀ ਇਕਾਧਿਕਾਰਵਾਦੀ ਪ੍ਰਣਾਲੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਏਕਾਧਿਕਾਰ ਅੱਜ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਅਜਿਹੇ ਹਾਲਾਤ ਵਿੱਚ ਪਾਰਦਰਸ਼ਤਾ, ਪੰਥਕ ਸਹਿਮਤੀ ਅਤੇ ਸੰਸਥਾਗਤ ਜਵਾਬਦੇਹੀ ਦੇ ਆਧਾਰ ‘ਤੇ ਕੋਈ ਵੀ ਫ਼ੈਸਲਾ ਲੈਣਾ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੇ ਵਿਵਾਦ ਦੀ ਗੁੰਜਾਇਸ਼ ਨਾ ਰਹੇ।

ਪ੍ਰੋ. ਖਿਆਲਾ ਨੇ ਦੱਸਿਆ ਕਿ 9 ਜੂਨ 2026 ਨੂੰ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਸੰਬੋਧਿਤ ਇੱਕ ਵਿਸਤ੍ਰਿਤ ਪੱਤਰ ਰਾਹੀਂ ਡਾ. ਰਬਿੰਦਰ ਨਾਰਾਇਣ ਨੇ ਇਸ ਪ੍ਰੋਜੈਕਟ ਦੀ ਰੂਪਰੇਖਾ ਪੇਸ਼ ਕੀਤੀ ਹੈ। ਇਸ ਪ੍ਰਸਤਾਵ ਅਨੁਸਾਰ ਜੀ.ਟੀ.ਸੀ. ਨੈੱਟਵਰਕ ਪੂਰੇ ਪ੍ਰਸਾਰਣ ਬੁਨਿਆਦੀ ਢਾਂਚੇ ਦਾ ਖਰਚ ਆਪਣੇ ਪੱਧਰ ‘ਤੇ ਉਠਾਏਗਾ, ਜਿਸ ਵਿੱਚ ਸੈਟੇਲਾਈਟ ਟ੍ਰਾਂਸਮਿਸ਼ਨ, ਟੈਲੀਵਿਜ਼ਨ ਡਿਸਟ੍ਰੀਬਿਊਸ਼ਨ, ਓ.ਟੀ.ਟੀ. ਪਲੇਟਫਾਰਮਾਂ ਨਾਲ ਏਕੀਕਰਨ ਅਤੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ ਅਤੇ ਆਸਟ੍ਰੇਲੀਆ ਸਮੇਤ ਪ੍ਰਮੁੱਖ ਸਿੱਖ ਡਾਇਸਪੋਰਾ ਵਾਲੇ ਖੇਤਰਾਂ ਵਿੱਚ ਡਿਜੀਟਲ ਪਹੁੰਚ ਯਕੀਨੀ ਬਣਾਉਣਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਪ੍ਰਸਤਾਵ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਐਸ.ਜੀ.ਪੀ.ਸੀ. ਨੂੰ ਕਿਸੇ ਵੀ ਪੜਾਅ ‘ਤੇ ਕੋਈ ਵਿੱਤੀ ਬੋਝ ਨਹੀਂ ਝੱਲਣਾ ਪਵੇਗਾ, ਜਦਕਿ ਸੰਪਾਦਕੀ ਅਧਿਕਾਰ, ਸਮੱਗਰੀ ਦੀ ਚੋਣ, ਪ੍ਰਸਾਰਣ ਨੀਤੀ ਅਤੇ ਸਿੱਖ ਮਰਿਆਦਾ ਦੀ ਪਾਲਣਾ ਦਾ ਪੂਰਾ ਅਧਿਕਾਰ ਸਿਰਫ਼ ਐਸ.ਜੀ.ਪੀ.ਸੀ. ਕੋਲ ਹੀ ਰਹੇਗਾ, ਜਿਸ ਦੀ ਅਧਿਆਤਮਕ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਅਨੁਸਾਰ ਹੋਵੇਗੀ।

ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਜਾਣਕਾਰੀ ਅਤੇ ਵਿਚਾਰਧਾਰਕ ਪੇਸ਼ਕਾਰੀ ਦਾ ਖੇਤਰ ਬਹੁਤ ਪ੍ਰਭਾਵਸ਼ਾਲੀ ਹੋ ਚੁੱਕਾ ਹੈ। ਅਜਿਹੇ ਸਮੇਂ ਸਿੱਖ ਕੌਮ ਕੋਲ ਆਪਣਾ ਇੱਕ ਮਜ਼ਬੂਤ, ਵਿਸ਼ਵਾਸਯੋਗ ਅਤੇ ਆਧੁਨਿਕ ਮੀਡੀਆ ਪਲੇਟਫਾਰਮ ਹੋਣਾ ਸਮੇਂ ਦੀ ਲੋੜ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਮਤਿ ਮੁੱਲਾਂ ਨਾਲ ਜੋੜਨ ਅਤੇ ਵਿਸ਼ਵ ਭਾਈਚਾਰੇ ਤੱਕ ਸਿੱਖੀ ਦੇ ਸਰਬੱਤ ਦੇ ਭਲੇ ਵਾਲੇ ਸੰਦੇਸ਼ ਨੂੰ ਪਹੁੰਚਾਉਣ ਦਾ ਕਾਰਜ ਕਰ ਸਕੇ।

ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ ਸਬੰਧੀ ਸਿੱਖ ਸੰਗਤ ਵਿੱਚ ਉਤਸੁਕਤਾ ਪਾਈ ਜਾ ਰਹੀ ਹੈ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਸ ਬਾਰੇ ਆਪਣਾ ਅਧਿਕਾਰਤ ਪੱਖ ਸਪੱਸ਼ਟ ਕਰੇ ਅਤੇ ਜੇਕਰ ਲੋੜ ਹੋਵੇ ਤਾਂ ਪ੍ਰਸਾਰਣ ਮਾਹਿਰਾਂ, ਧਾਰਮਿਕ ਵਿਦਵਾਨਾਂ ਅਤੇ ਪੰਥਕ ਪ੍ਰਤੀਨਿਧੀਆਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਕੇ ਪ੍ਰਸਤਾਵ ਦੇ ਸਾਰੇ ਪੱਖਾਂ ਦਾ ਅਧਿਐਨ ਕਰਵਾਏ।

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਜੇਕਰ ਪੰਥਕ ਸੰਸਥਾਵਾਂ ਦੀ ਮਰਿਆਦਾ, ਸਿੱਖ ਸਿਧਾਂਤਾਂ ਦੀ ਪਵਿੱਤਰਤਾ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਗਤ ਸੁਤੰਤਰਤਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਦਿਆਂ ਇਹ ਯੋਜਨਾ ਸਾਕਾਰ ਹੁੰਦੀ ਹੈ ਤਾਂ ਇਹ ਵਿਸ਼ਵ ਭਰ ਦੀ ਸਿੱਖ ਸੰਗਤ ਲਈ ਇੱਕ ਇਤਿਹਾਸਕ ਕਦਮ ਸਾਬਤ ਹੋ ਸਕਦਾ ਹੈ। ਉਨ੍ਹਾਂ ਐਸ.ਜੀ.ਪੀ.ਸੀ. ਨੂੰ ਇਸ ਮੌਕੇ ਨੂੰ ਪੰਥਕ ਦ੍ਰਿਸ਼ਟੀਕੋਣ ਨਾਲ ਵਿਚਾਰਨ, ਪੂਰੀ ਪਾਰਦਰਸ਼ਤਾ ਨਾਲ ਫ਼ੈਸਲਾ ਲੈਣ ਅਤੇ ਸੰਗਤ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button