Breaking NewsEducationKhalsa College/University AmritsarNews
Trending
ਖੋਜਾਰਥੀਆਂ ਨੂੰ ਆਧੁਨਿਕ ਖੋਜ ਤਕਨੀਕਾਂ ਦੀ ਵਿਹਾਰਕ ਸਿਖਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਵੱਲੋਂ ਡੀਈਏ ਅਤੇ ਐੱਸਈਐੱਮ ’ਤੇ ਵਰਕਸ਼ਾਪ

ਅੰਮ੍ਰਿਤਸਰ, 17 ਸਤੰਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ
ਖੋਜ ਦੇ ਖੇਤਰ ਵਿੱਚ ਨਵੇਂ ਤਰੀਕਿਆਂ ਅਤੇ ਆਧੁਨਿਕ ਅੰਕੜਾ ਵਿਸ਼ਲੇਸ਼ਣ ਤਕਨੀਕਾਂ ਦੀ ਸਮਝ ਖੋਜਾਰਥੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸੇ ਉਦੇਸ਼ ਨਾਲ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਵੱਲੋਂ ਸਿਹਤ ਵਿਗਿਆਨਾਂ ਵਿੱਚ ਮੁੱਢਲੀ ਅਤੇ ਤਬਦੀਲੀਵਾਦੀ ਖੋਜ ਕੇਂਦਰ ਦੇ ਸਹਿਯੋਗ ਨਾਲ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਵਿਖੇ ‘ਰਿਸਰਚ ਕਰਾਫਟ : ਮਾਸਟਰਿੰਗ ਡੀਈਏ ਐਂਡ ਐੱਸਈਐੱਮ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
ਵਰਕਸ਼ਾਪ ਵਿੱਚ ਪ੍ਰੋ. (ਡਾ.) ਅਮਰਜੀਤ ਸਿੰਘ ਸੇਠੀ, ਸਾਬਕਾ ਪ੍ਰੋਫੈਸਰ ਅਤੇ ਡੀਨ, ਫੈਕਲਟੀ ਆਫ਼ ਇਕਨਾਮਿਕਸ ਐਂਡ ਬਿਜ਼ਨਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਵਿਕਾਸ ਕੁਮਾਰ, ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਐਂਟਰਪ੍ਰੀਨਿਓਰਸ਼ਿਪ ਐਂਡ ਮੈਨੇਜਮੈਂਟ, ਕੁੰਡਲੀ ਨੇ ਸਰੋਤ ਮਾਹਿਰ ਵਜੋਂ ਸ਼ਿਰਕਤ ਕੀਤੀ। ਵਰਕਸ਼ਾਪ ਦੀ ਸ਼ੁਰੂਆਤ ਵਿਭਾਗ ਮੁਖੀ ਡਾ. ਬਲਜੀਤ ਕੌਰ ਵੱਲੋਂ ਮਾਹਿਰਾਂ ਅਤੇ ਭਾਗੀਦਾਰਾਂ ਦਾ ਰਸਮੀ ਸਵਾਗਤ ਕਰਨ ਨਾਲ ਹੋਈ।
ਵਰਕਸ਼ਾਪ ਦੀ ਕੋਆਰਡੀਨੇਟਰ ਡਾ. ਅਮਨਪ੍ਰੀਤ ਕੌਰ ਨੇ ਵਰਕਸ਼ਾਪ ਦੇ ਵਿਸ਼ੇ ਅਤੇ ਇਸ ਦੌਰਾਨ ਕਰਵਾਏ ਜਾਣ ਵਾਲੇ ਮਹੱਤਵਪੂਰਨ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਨ੍ਹਾਂ ਨੇ ਖੋਜ ਵਿੱਚ ਨੈਤਿਕਤਾ, ਨਵੀਂ ਸੋਚ ਅਤੇ ਮੌਲਿਕਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਣਵੱਤਾਪੂਰਨ ਅਤੇ ਸਮਾਜ ਲਈ ਲਾਹੇਵੰਦ ਖੋਜ ਲਈ ਨਵੇਂ ਤਰੀਕਿਆਂ ਅਤੇ ਵਿਸ਼ਲੇਸ਼ਣਾਤਮਕ ਹੁਨਰਾਂ ਨੂੰ ਅਪਣਾਉਣਾ ਜ਼ਰੂਰੀ ਹੈ।
ਵਰਕਸ਼ਾਪ ਵਿੱਚ ਪੰਜਾਬ ਸਕੂਲ ਆਫ਼ ਇਕਨਾਮਿਕਸ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼, ਯੂਨੀਵਰਸਿਟੀ ਬਿਜ਼ਨਸ ਸਕੂਲ ਅਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ 50 ਖੋਜਾਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਤਿੰਨ ਵਿਸ਼ੇਸ਼ ਸੈਸ਼ਨ ਕਰਵਾਏ ਗਏ, ਜਿਨ੍ਹਾਂ ਵਿੱਚ ਖੋਜਾਰਥੀਆਂ ਨੂੰ ਸੰਰਚਨਾਤਮਕ ਸਮੀਕਰਨ ਮਾਡਲਿੰਗ ਨਾਲ ਸਬੰਧਤ ਵਿਹਾਰਕ ਸਿਖਲਾਈ ਦਿੱਤੀ ਗਈ।
ਸੈਸ਼ਨਾਂ ਦੌਰਾਨ ਭਾਗੀਦਾਰਾਂ ਨੇ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਦਿਆਂ ਖੋਜ ਵਿੱਚ ਵਰਤੇ ਜਾਣ ਵਾਲੇ ਆਧੁਨਿਕ ਵਿਸ਼ਲੇਸ਼ਣਾਤਮਕ ਤਰੀਕਿਆਂ ਨੂੰ ਅਮਲੀ ਤੌਰ ’ਤੇ ਸਮਝਿਆ। ਅੰਤ ਵਿੱਚ ਡਾ. ਅਮਨਪ੍ਰੀਤ ਕੌਰ ਨੇ ਸਾਰੇ ਮਾਹਿਰਾਂ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਭਾਗ ਲੈਣ ਵਾਲੇ ਖੋਜਾਰਥੀਆਂ ਦਾ ਧੰਨਵਾਦ ਕਰਦਿਆਂ ਰਸਮੀ ਧੰਨਵਾਦ ਮਤਾ ਪੇਸ਼ ਕੀਤਾ।



