ਨਸ਼ਾ ਸਮਗਲਰ ਮਾਂ ਪੁੱਤ ਦਾ ਘਰ ਜਿਲਾ ਪ੍ਰਸ਼ਾਸਨ ਨੇ ਢਾਹਿਆ
ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਨ ਵਾਲਿਆਂ ਨੂੰ ਮਹਿਲਾ ਵਿੱਚ ਵਸਣ ਨਹੀਂ ਦਿੱਤਾ ਜਾਵੇਗਾ -ਪੁਲਿਸ ਕਮਿਸ਼ਨਰ
ਅੰਮ੍ਰਿਤਸਰ,25 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਦੌਰਾਨ ਅੱਜ ਜਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਉਸ ਘਰ ਨੂੰ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ, ਜਿਸ ਵਿੱਚ ਮਾਂ ਪੁੱਤ ਨਸ਼ੇ ਦੀ ਤਸਕਰੀ ਦਾ ਕੰਮ ਵੱਡੇ ਪੱਧਰ ਉੱਤੇ ਕਰਦੇ ਸਨ। ਦੱਸਣ ਯੋਗ ਹੈ ਕਿ ਉਕਤ ਘਰ ਵਿੱਚ ਸੋਨੂ ਸਿੰਘ ਉਰਫ ਸੋਨੂ ਮੋਟਾ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਮਾਤਾ ਜੁਗਿੰਦਰ ਕੌਰ ਪਤਨੀ ਕਰਨੈਲ ਸਿੰਘ ਰਹਿੰਦੇ ਸਨ। ਇਹ ਘਰ ਮੁਸਤਫਾ ਬਾਦ ਇਲਾਕੇ ਦੀ ਇੰਦਰਾ ਕਲੋਨੀ ਦਾ ਹਿੱਸਾ ਸੀ ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਨਿਗਮ ਅੰਮ੍ਰਿਤਸਰ ਦੀ ਮਦਦ ਨਾਲ ਜੇਸੀਬੀ ਮਸ਼ੀਨਾਂ ਅਤੇ ਆਦਮੀਆਂ ਨੂੰ ਲਗਾ ਕੇ ਘਰ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ।
ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪੁੱਜੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੋਨੂੰ ਸਿੰਘ ਖਿਲਾਫ ਚਾਰ ਪੁਲਿਸ ਕੇਸ ਦਰਜ ਹਨ, ਜਦ ਕਿ ਜੋਗਿੰਦਰ ਕੌਰ ਖਿਲਾਫ ਦੋ ਪੁਲਿਸ ਕੇਸ ਦਰਜ ਹਨ। ਉਹਨਾਂ ਦੱਸਿਆ ਕਿ ਨਸ਼ਾ ਤਸਕਰੀ ਦਾ ਇਹ ਕੰਮ ਲੰਬੇ ਸਮੇਂ ਤੋਂ ਕਰ ਰਹੇ ਹਨ।
ਕਮਿਸ਼ਨਰ ਪੁਲਿਸ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਨਸ਼ੇ ਦੇ ਧੰਦੇ ਵਿੱਚ ਸ਼ਾਮਿਲ ਹੈ, ਉਸ ਨੂੰ ਉਸ ਦੀ ਸਜ਼ਾ ਭੁਗਤਣੀ ਪਵੇਗੀ । ਉਹਨਾਂ ਕਿਹਾ ਕਿ ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਨ ਵਾਲਿਆਂ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੱਤਾ ਜਾਵੇਗਾ।
ਸ ਭੁੱਲਰ ਨੇ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ, ਭਵਿੱਖ ਵਿੱਚ ਅਸੀਂ ਹੋਰ ਵੀ ਸਖਤ ਐਕਸ਼ਨ ਨਸ਼ਾ ਤਸਕਰਾਂ ਦੇ ਖਿਲਾਫ ਲਵਾਂਗੇ ਤਾਂ ਜੋ ਕੋਈ ਵੀ ਵਿਅਕਤੀ ਗੁਰੂ ਨਗਰੀ ਵਿੱਚ ਨਸ਼ੇ ਦੀ ਸਮਗਲਿੰਗ ਦਾ ਨਾਂ ਲੈਣ ਦਾ ਹੀਆ ਨਾ ਕਰੇ। ਇਸ ਮੌਕੇ ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੈ ਸਿੰਘ, ਏ.ਡੀ.ਸੀ.ਪੀ. ਸ ਵਿਸ਼ਾਲਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਉਨਾਂ ਦੇ ਨਾਲ ਸਨ ।


