ਮਾਨ ਸਰਕਾਰ ਅਧੀਨ ਧਰਮ ਨਿਰਪੱਖਤਾ ਤੇ ਭਾਈਚਾਰੇ ਦੀ ਨਜ਼ੀਰ ਬਣਿਆ ਪੰਜਾਬ: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਸਰਹੱਦੀ ਪਿੰਡਾਂ 'ਚ ਲੋਕਾਂ ਦੇ ਬੁਲੰਦ ਹੌਂਸਲੇ, ਫਿਰਕੂਤਾ ਦੇ ਹਮਲੇ ਨੂੰ ਦਿੱਤਾ ਇਕੱਠਾ ਜਵਾਬ
ਅੰਮ੍ਰਿਤਸਰ,29 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸਬ-ਡਿਵੀਜ਼ਨ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕਿਆਂ ਵਿੱਚ ਦੌਰਾ ਕਰਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਧਰਮ ਨਿਰਪੱਖਤਾ, ਫਿਰਕੂ ਸਦਭਾਵਨਾ ਅਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਨੇ ਅਜਨਾਲਾ ਨੇੜੇ ਘੋਹਨੇਵਾਲਾ, ਮਾਛੀਵਾਲਾ, ਸਹਿਜ਼ਾਦਾ, ਨੰਗਲ ਸੋਹਲ, ਗੱਗੜ ਸਮੇਤ ਕਰੀਬ ਦਰਜਨ ਪਿੰਡਾਂ ਵਿੱਚ ਲੋਕਾਂ, ਪੰਚਾਇਤਾਂ, ਤੇ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਮਿਲ ਕੇ ਮੀਟਿੰਗਾਂ ਕੀਤੀਆਂ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਲੋਕਾਂ ਨੂੰ ਆਮ ਜ਼ਿੰਦਗੀ ਚੜਦੀ ਕਲਾ ਵਿੱਚ ਜੀਊਣ ਦਾ ਸੱਦਾ ਦਿੱਤਾ।
ਧਾਲੀਵਾਲ ਨੇ ਕਿਹਾ ਕਿ ਕਿਸਾਨ ਤੇ ਮਜਦੂਰ, ਕਣਕ ਅਤੇ ਤੂੜੀ ਦੀ ਸੰਭਾਲ ਬਿਨਾਂ ਡਰ ਦੇ ਕਰ ਰਹੇ ਹਨ ਅਤੇ ਲੋਕ ਬੀ.ਐਸ.ਐਫ. ਦੀ ਪਿਛੋਂ ਸੈਕੰਡ ਡਿਫੈਂਸ ਲਾਈਨ ਵਜੋਂ ਆਪਣਾ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਚ ਕਸ਼ਮੀਰੀ ਵਿਦਿਆਰਥੀਆਂ, ਕਰਮਚਾਰੀਆਂ ਜਾਂ ਕਾਰੋਬਾਰੀਆਂ ਨਾਲ ਕੋਈ ਵੀ ਫਿਰਕੂ ਘਟਨਾ ਨਹੀਂ ਵਾਪਰੀ, ਜੋ ਕਿ ਸੂਬੇ ਦੇ ਭਾਈਚਾਰੇ ਅਤੇ ਫਿਰਕੂ ਸਦਭਾਵਨ ਵਾਲੇ ਮਾਹੌਲ ਦਾ ਸਬੂਤ ਹੈ।
ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਵਲੋਂ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਤਾਂ ਪੰਜਾਬ ਦੇ ਨਾਗਰਿਕ ਵੀ 1965 ਤੇ 1971 ਦੀ ਜੰਗ ਵਰਗਾ ਇਤਿਹਾਸ ਦੁਹਰਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਸਿਰਫ਼ ਹੌਂਸਲੇ ਵਾਲੇ ਹੀ ਨਹੀਂ, ਸੁਰੱਖਿਆ ਵਿੱਚ ਭੀ ਸ਼ਮੂਲੀਅਤ ਵਾਲੇ ਹਨ।
ਦੌਰੇ ਦੌਰਾਨ ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ, ਪੁਲਿਸ, ਡ੍ਰੇਨਜ਼, ਬੀ.ਡੀ.ਪੀ.ਓ, ਮੰਡੀ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀ, ਅਤੇ ਅਨੇਕ ਸਥਾਨਕ ਸਰਪੰਚ ਤੇ ਪਾਰਟੀ ਆਗੂ ਵੀ ਮੌਜੂਦ ਸਨ।


