ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
ਡਾ.ਉਬਰਾਏ ਦੀ ਮੌਜੂਦਗੀ 'ਚ ਵਾਇਸ ਚਾਂਸਲਰ ਡਾ.ਕਰਮਜੀਤ ਸਿੰਘ ਤੇ ਡਾ.ਸਰਬਜਿੰਦਰ ਸਿੰਘ ਨੇ ਕੀਤਾ ਉਦਘਾਟਨ ,ਸਿਹਤ ਤੇ ਸਿੱਖਿਆ ਖੇਤਰ ਦੇ ਵਿੱਚ ਡਾ. ਉਬਰਾਏ ਦੀਆਂ ਸੇਵਾਵਾਂ ਬੇਮਿਸਾਲ : ਵਾਇਸ ਚਾਂਸਲਰ ਟਰੱਸਟ ਦੀਆਂ 150 ਲੈਬੋਰਟਰੀਆਂ ਤੋਂ ਲੱਖਾਂ ਲੋਕ ਲੈ ਰਹੇ ਨੇ ਫ਼ਾਇਦਾ : ਡਾ.ਉਬਰਾਏ

ਅੰਮ੍ਰਿਤਸਰ, 14 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਬਿਨਾਂ ਕਿਸੇ ਤੋਂ ਇਕ ਵੀ ਪੈਸਾ ਇਕੱਠਾ ਕੀਤਿਆਂ ਆਪਣੀ ਜੇਬ੍ਹ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੋਲ੍ਹੇ ਗਏ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਡਾ.ਉਬਰਾਏ ਦੀ ਮੌਜ਼ੂਦਗੀ ‘ਚ ਡਾ.ਕਰਮਜੀਤ ਸਿੰਘ ਵਾਈਸ ਚਾਂਸਲਰ ਜੀ.ਐਨ.ਡੀ.ਯੂ. ਅਤੇ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ,ਸੰਨੀ ਓਬਰਾਏ ਵਿਵੇਕ ਸਦਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਜਿਸ ਦੌਰਾਨ ਟਰੱਸਟੀ ਡਾ.ਸਤਨਾਮ ਸਿੰਘ ਨਿੱਜਰ,ਰਵਿੰਦਰ ਰੌਬਿਨ ਤੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਵੀ ਮੌਜੂਦ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਇਹ ਯੂਨੀਵਰਸਿਟੀ ‘ਚ ਪੜ੍ਹਨ ਵਾਲੇ 15 ਹਜ਼ਾਰ ਵਿਦਿਆਰਥੀਆਂ ਅਤੇ ਵੱਖ-ਵੱਖ ਵਿਭਾਗਾਂ ‘ਚ ਕੰਮ ਕਰਦੇ ਸੈਂਕੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਟਰੱਸਟ ਯੂਨੀਵਰਸਿਟੀ ਦੇ ਆਸੇ-ਪਾਸੇ ਰਹਿਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਬਹੁਤ ਜਲਦ ਲੈਬ ਦੇ 2 ਕਲੈਕਸ਼ਨ ਸੈਂਟਰ ਵੀ ਖੋਲ੍ਹੇਗੀ। ਡਾ.ਓਬਰਾਏ ਅਨੁਸਾਰ ਟਰੱਸਟ ਵੱਲੋਂ 200 ਲੈਬੋਰਟਰੀਆਂ ਖੋਲ੍ਹਣ ਦੇ ਰੱਖੇ ਗਏ ਟੀਚੇ ਤਹਿਤ ਹੁਣ ਤੱਕ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ 150 ਤੋਂ ਵਧੇਰੇ ਲੈਬਾਰਟਰੀਆਂ ਖੁੱਲ੍ਹ ਚੁੱਕੀਆਂ ਹਨ,ਜਿਨ੍ਹਾਂ ਅੰਦਰ ਪਿਛਲੇ ਸਾਲ 27 ਲੱਖ ਤੋਂ ਵਧੇਰੇ ਲੋਕਾਂ ਨੇ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਕੇ ਵੱਡਾ ਫ਼ਾਇਦਾ ਲਿਆ ਹੈ।
ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਅਤੇ ਸਰਬਜਿੰਦਰ ਸਿੰਘ ਨੇ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਕੀਤੇ ਜਾ ਰਹੇ ਮਿਸਾਲੀ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਔਖੀ ਘੜੀ ਵੇਲੇ ਸਭ ਤੋਂ ਪਹਿਲਾਂ ਅੱਗੇ ਆ ਕੇ ਉਨ੍ਹਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਨਿਸ਼ਕਾਮ ਸੇਵਾਵਾਂ ਅਤੇ ਵਿਸ਼ੇਸ਼ ਕਰ ਕੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਇਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ।




