Breaking NewsNewsPolitical News
Trending

ਕਰਜ਼ੇ ਦੇ ਸਹਾਰੇ ਚਲਾਈ ਜਾ ਰਹੀ ਆਪ ਸਰਕਾਰ – ਦਿਨੇਸ਼ ਬੱਸੀ

ਚੋਣੀ ਲਾਭ ਲਈ ਪੰਜਾਬ ਦਾ ਭਵਿੱਖ ਗਿਰਵੀ ਰੱਖਿਆ ਜਾ ਰਿਹਾ ਹੈ,

ਅੰਮ੍ਰਿਤਸਰ, 13 ਜੁਲਾਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਹਲਕਾ ਪੂਰਬੀ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਪੰਜਾਬ ਸਰਕਾਰ ਦੀ ਆਰਥਿਕ ਨੀਤੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਗਏ ਹਵਾ-ਹਵਾਈ ਵਾਅਦਿਆਂ ਦਾ ਖ਼ਾਮਿਆਜ਼ਾ ਅੱਜ ਹਰ ਪੰਜਾਬੀ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ ਅਤੇ ਪੰਜਾਬ ਸਰਕਾਰ ਸੂਬੇ ਦੇ ਸਿਰ ₹6,300 ਕਰੋੜ ਤੋਂ ਵੱਧ ਦਾ ਨਵਾਂ ਕਰਜ਼ਾ ਚੜ੍ਹਾ ਚੁੱਕੀ ਹੈ। ਅਪ੍ਰੈਲ ਵਿੱਚ ₹2,800 ਕਰੋੜ, ਮਈ ਵਿੱਚ ₹2,500 ਕਰੋੜ ਅਤੇ ਹੁਣ ਇੱਕ ਹੋਰ ₹1,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਦਿਨੇਸ਼ ਬੱਸੀ ਨੇ ਕਿਹਾ ਕਿ ਜੇਕਰ ਇਹ ਹਜ਼ਾਰਾਂ ਕਰੋੜ ਰੁਪਏ ਨਵੇਂ ਉਦਯੋਗ ਸਥਾਪਤ ਕਰਨ, ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਸੁਧਾਰਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਜਾਂ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ‘ਤੇ ਖਰਚ ਕੀਤੇ ਜਾਂਦੇ ਤਾਂ ਇਸ ਦਾ ਕੋਈ ਜਾਇਜ਼ ਕਾਰਨ ਸਮਝ ਆਉਂਦਾ। ਪਰ ਹਕੀਕਤ ਇਹ ਹੈ ਕਿ ਸਰਕਾਰ ਵਿਕਾਸ ਦੀ ਥਾਂ ਲੋਕ-ਲੁਭਾਊ ਐਲਾਨਾਂ ਅਤੇ ਚੋਣੀ ਰਾਜਨੀਤੀ ਨੂੰ ਤਰਜੀਹ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਦਿੱਤੀ ਜਾ ਰਹੀ ₹1000 ਪ੍ਰਤੀ ਮਹੀਨਾ ਦੀ ਰਾਸ਼ੀ ਨੂੰ ਸਰਕਾਰ ਆਪਣੀ ਵੱਡੀ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ, ਪਰ ਅਸਲ ਸਵਾਲ ਇਹ ਹੈ ਕਿ ਇਹ ਪੈਸਾ ਆ ਰਿਹਾ ਕਿੱਥੋਂ ਹੈ? ਜਦੋਂ ਸਰਕਾਰ ਲਗਾਤਾਰ ਕਰਜ਼ਾ ਲੈ ਕੇ ਹੀ ਖਰਚੇ ਪੂਰੇ ਕਰ ਰਹੀ ਹੈ, ਤਾਂ ਇਹ ਯੋਜਨਾ ਵੀ ਕਰਜ਼ੇ ਦੇ ਪੈਸੇ ਨਾਲ ਚਲਾਈ ਜਾ ਰਹੀ ਹੈ। ਇਹ ਲੋਕਾਂ ਦੀ ਆਰਥਿਕ ਤਰੱਕੀ ਦਾ ਮਾਡਲ ਨਹੀਂ, ਸਗੋਂ ਚੋਣਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਇੱਕ ਚੋਣੀ ਸਟੰਟ ਹੈ।

ਬੱਸੀ ਨੇ ਕਿਹਾ ਕਿ ਕਰਜ਼ਾ ਲੈ ਕੇ ਅੱਜ ਰਕਮ ਵੰਡੀ ਜਾ ਸਕਦੀ ਹੈ, ਪਰ ਉਸ ਕਰਜ਼ੇ ਦਾ ਮੂਲ ਅਤੇ ਵਿਆਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣਾ ਪਵੇਗਾ। ਜੇਕਰ ਸਰਕਾਰ ਕੋਲ ਆਮਦਨ ਵਧਾਉਣ, ਉਦਯੋਗ ਲਿਆਉਣ ਅਤੇ ਰੁਜ਼ਗਾਰ ਪੈਦਾ ਕਰਨ ਦੀ ਕੋਈ ਠੋਸ ਯੋਜਨਾ ਨਹੀਂ ਹੈ, ਤਾਂ ਅਜਿਹੀਆਂ ਯੋਜਨਾਵਾਂ ਸੂਬੇ ਦੀ ਆਰਥਿਕਤਾ ਨੂੰ ਹੋਰ ਕਮਜ਼ੋਰ ਕਰਨਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਸਥਾਈ ਚੋਣੀ ਲਾਭ ਨਹੀਂ, ਸਗੋਂ ਸਥਾਈ ਵਿਕਾਸ, ਨਿਵੇਸ਼, ਉਦਯੋਗ, ਬਿਹਤਰ ਸਿੱਖਿਆ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੀ ਲੋੜ ਹੈ। ਸਰਕਾਰ ਨੂੰ ਕਰਜ਼ੇ ਦੇ ਸਹਾਰੇ ਸਿਆਸਤ ਕਰਨ ਦੀ ਬਜਾਏ ਸੂਬੇ ਦੀ ਆਰਥਿਕ ਹਾਲਤ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਅੰਤ ਵਿੱਚ ਦਿਨੇਸ਼ ਬੱਸੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਭ ਕੁਝ ਸਮਝ ਰਹੀ ਹੈ ਅਤੇ ਸਮਾਂ ਆਉਣ ‘ਤੇ ਵਧਦੇ ਕਰਜ਼ੇ, ਆਰਥਿਕ ਕੁਪ੍ਰਬੰਧਨ ਅਤੇ ਚੋਣੀ ਲਾਭ ਲਈ ਸੂਬੇ ਦੇ ਭਵਿੱਖ ਨਾਲ ਕੀਤੇ ਜਾ ਰਹੇ ਸਮਝੌਤੇ ਦਾ ਪੂਰਾ ਹਿਸਾਬ ਮੰਗੇਗੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button