ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ‘ਪੰਜਾਬੀ ਭਾਸ਼ਾ ਅਤੇ ਸਾਹਿਤ: ਵਰਤਮਾਨ ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇ ਉੱਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ
ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਅਕਾਦਮਿਕ ਸੰਵਾਦ ਤੇ ਖੋਜ ਨੂੰ ਦੇਣਾ ਹੋਵੇਗਾ ਨਵਾਂ ਦਿਸ਼ਾ-ਦ੍ਰਿਸ਼ਟੀਕੋਣ : ਪ੍ਰੋ. (ਡਾ.) ਕਰਮਜੀਤ ਸਿੰਘ

ਅੰਮ੍ਰਿਤਸਰ, 11 ਸਤੰਬਰ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਪੰਜਾਬੀ ਭਾਸ਼ਾ ਅਤੇ ਸਾਹਿਤ: ਵਰਤਮਾਨ ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇ ਉੱਤੇ ਆਯੋਜਿਤ ਸੈਮੀਨਾਰ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਆਪਣੀ ਭੂਗੋਲਿਕ ਸਥਿਤੀ ਅਤੇ ਇਤਿਹਾਸਿਕ ਪ੍ਰਕਰਣ ਦੇ ਕਾਰਨ ਨਾ ਕੇਵਲ ਅਤੀਤ ਵਿਚ ਬਲਕਿ ਵਰਤਮਾਨ ਸਮੇਂ ਵਿਚ ਵੀ ਮਹੱਤਵਪੂਰਣ ਰਿਹਾ ਹੈ। ਅਜਿਹੇ ਸੈਮੀਨਾਰ ਇਸ ਮਹੱਤਵ ਨੂੰ ਉਜਾਗਰ ਕਰਨ ਵਿਚ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਗਲੋਬਲ ਪੱਧਰ ਉੱਤੇ ਪ੍ਰਚਾਰ ਅਤੇ ਪ੍ਰਸਾਰ ਲਈ ਆਉਣ ਵਾਲੇ ਨਿਕਟ ਭਵਿੱਖ ਵਿਚ ਅੰਤਰ-ਰਾਸ਼ਟਰੀ ਕਾਨਕਲੇਵ ਦਾ ਆਯੋਜਨ ਕੀਤਾ ਜਾਵੇਗਾ।
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਡਾ. ਮਨਜਿੰਦਰ ਸਿੰਘ ਮੁਖੀ, ਪੰਜਾਬੀ ਅਧਿਐਨ ਸਕੂਲ ਅਤੇ ਕੋਆਰਡੀਨੇਟਰ ਨੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਭੂਤਕਾਲ ਦੇ ਨਾਲ ਨਾਲ ਸਮਕਾਲੀ ਪੰਜਾਬੀ ਸਾਹਿਤ ਦੀਆਂ ਜੀਵੰਤ ਪ੍ਰਵਿਰਤੀਆਂ ਦਾ ਅਧਿਐਨ ਵੀ ਸਮਾਨ ਮਹੱਤਵ ਦਾ ਲਖਾਇਕ ਹੈ। ਸੈਮੀਨਾਰ ਦੇ ਕੁੰਜੀਵਤ ਭਾਸ਼ਣ ਵਿਚ ਡਾ. ਮਨਮੋਹਨ ਸਿੰਘ (ਪ੍ਰੋਫ਼ੈਸਰ ਆਫ਼ ਐਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਕਿਹਾ ਕਿ ਪੰਜਾਬੀ ਭਾਸ਼ਾ ਆਪਣੇ ਵਿਚ ਨਾ ਕੇਵਲ ਅਤੀਤ ਦਾ ਖ਼ਜ਼ਾਨਾ ਸੰਭਾਲੀ ਬੈਠੀ ਹੈ ਸਗੋਂ ਇਸ ਵਿਚ ਭਵਿੱਖ ਦੀ ਭਾਸ਼ਾ ਬਣਨ ਦੀ ਸੰਭਾਵਨਾ ਵੀ ਲੁਕੀ ਹੋਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ.ਵਾਈਸ ਚਾਂਸਲਰ ਪ੍ਰੋ. ਸਤਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਭਾਸ਼ਾ ਦਾ ਸਮਕਾਲੀ ਦ੍ਰਿਸ਼ ਅਤੇ ਦ੍ਰਿਸ਼ਟੀ ਇਕ ਵੱਡੇ ਕੈਨਵਸ ਵਾਲਾ ਸਮੱਸਿਆਕਾਰ ਹੈ। ਉਹਨਾਂ ਸਮਰੱਥ ਭਾਸ਼ਾ, ਸਸ਼ਕਤ ਭਾਸ਼ਾ ਅਤੇ ਗਲੋਬਲ ਭਾਸ਼ਾ ਦੇ ਦਰਮਿਆਨ ਅੰਤਰ ਵੀ ਸਪਸ਼ਟ ਕੀਤਾ। ਇਸ ਮੌਕੇ ਪ੍ਰਸਿੱਧ ਪੰਜਾਬੀ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸੰਵਾਦ ਰਚਾਉਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਦਾ ਵਰਤਮਾਨ ਪਰਿਦ੍ਰਿਸ਼ ਇਸਦੇ ਮਾਜ਼ੀ ਦੇ ਚੌਖਟੇ ਉੱਤੇ ਅਧਾਰਿਤ ਹੈ। ਉਹਨਾਂ ਪੰਜਾਬੀ ਭਾਸ਼ਾ ਦਾ ਆਧੁਨਿਕ ਦੌਰ ਦੀਆਂ ਨਵੀਨ ਅੰਤਰ-ਦ੍ਰਿਸ਼ਟੀਆਂ ਰਾਹੀਂ ਵਿਸ਼ਲੇਸ਼ਣ ਕਰਨ ਉੱਤੇ ਜ਼ੋਰ ਦਿੱਤਾ। ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਧੰਨਵਾਦ ਦਾ ਪ੍ਰਸਤਾਵ ਡਾ. ਮੇਘਾ ਸਲਵਾਨ (ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ) ਵੱਲੋਂ ਪੇਸ਼ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਡਾ. ਬਲਜੀਤ ਕੌਰ ਰਿਆੜ (ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ) ਦੁਆਰਾ ਕੀਤਾ ਗਿਆ। ਉਦਘਾਟਨੀ ਸੈਸ਼ਨ ਉਪਰੰਤ ਦੋ ਅਕਾਦਮਿਕ ਸੈਸ਼ਨ ਆਯੋਜਿਤ ਕੀਤੇ ਗਏ।
ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਸਤਿੰਦਰ ਸਿੰਘ ਕੀਤੀ। ਵਿਦਵਾਨ ਪੈਨਲ ਵਿੱਚ ਡਾ. ਬੂਟਾ ਸਿੰਘ ਬਰਾੜ, ਸ. ਅਮਰਜੀਤ ਸਿੰਘ ਗਰੇਵਾਲ ਅਤੇ ਡਾ. ਗੁਰਪਾਲ ਸੰਧੂ ਸ਼ਾਮਲ ਹੋਏ। ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਸ਼ੁਰੂ ਤੋਂ ਬਸਤੀਵਾਦੀ ਅਤੇ ਅਫ਼ਸਰਸ਼ਾਹੀ ਵਿਰੋਧੀ ਭੂਮਿਕਾ ਨਿਭਾਉਂਦੀ ਰਹੀ ਹੈ। ਇਸ ਲਈ ਇਹ ਹਮੇਸ਼ਾਂ ਇਕ ਲੋਕ ਪੱਖੀ ਭਾਸ਼ਾ ਰਹੀ ਹੈ। ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਪੰਜਾਬੀ ਸਾਹਿਤ ਆਪਣੀ ਸਿਖ਼ਰ ਹੰਢਾਉਣੀ ਚਾਹੁੰਦਾ ਹੈ ਤਾਂ ਇਸਨੂੰ ਜ਼ਿਆਦਾ ਤੋਂ ਜ਼ਿਆਦਾ ਅਨੁਸ਼ਾਸਨਾਂ ਨਾਲ ਸਾਂਝ ਪਾਉਣੀ ਪਵੇਗੀ। ਅਜੋਕੇ ਸਮੇਂ ਵਿਚ ਕਾਵਿਕਤਾ ਇਸ ਪ੍ਰਸੰਗ ਵਿਚ ਸਭ ਤੋਂ ਸਮਰੱਥ ਵਿਧੀ ਹੈ।
ਡਾ. ਗੁਰਪਾਲ ਸੰਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਮਕਾਲੀ ਸਥਿਤੀ ਇਸਦੇ ਵਿਦਿਅਕ ਢਾਂਚੇ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਅਜੋਕੇ ਪੰਜਾਬੀ ਸਾਹਿਤ ਨੂੰ ਸਮਕਾਲੀ ਵਾਸਤਵਿਕਤਾ ਦਾ ਪ੍ਰਤੀਨਿਧਤਵ ਕਰਨ ਦੇ ਯੋਗ ਹੋਣਾ ਪਵੇਗਾ। ਡਾ. ਸਤਿੰਦਰ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਲੇਖਕ ਨਵੇਂ ਪ੍ਰਯੋਗ ਕਰ ਰਹੇ ਹਨ ਅਤੇ ਪ੍ਰੰਪਰਾਗਤ ਦਾਇਰਿਆਂ ਤੋਂ ਬਾਹਰ ਨਿਕਲ ਕੇ ਸਮਕਾਲੀ ਮਨੁੱਖੀ ਜੀਵਨ ਦੀਆਂ ਜਟਿਲਤਾਵਾਂ ਨੂੰ ਪੇਸ਼ ਕਰ ਰਹੇ ਹਨ। ਇਸ ਸੈਸ਼ਨ ਦਾ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਵੱਲੋਂ ਕੀਤਾ ਗਿਆ।
ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਧਰਮ ਸਿੰਘ ਨੇ ਕੀਤੀ। ਵਿਦਵਾਨ ਪੈਨਲ ਵਿੱਚ ਪ੍ਰੋ. ਅਵਤਾਰ ਸਿੰਘ, ਡਾ. ਪਰਮਿੰਦਰ ਸਿੰਘ ਅਤੇ ਡਾ. ਜੇ. ਬੀ. ਸੇਖੋਂ ਸ਼ਾਮਲ ਹੋਏ। ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਅਜੋਕਾ ਪੰਜਾਬੀ ਸਾਹਿਤ ਮੱਧਕਾਲ ਦੇ ਹੀ ਕਈ ਮੁੱਲਾਂ ਨੂੰ ਨਵੇਂ ਲਹਿਜ਼ੇ ਵਿਚ ਪ੍ਰਸਤੁਤ ਕਰ ਰਿਹਾ ਹੈ।ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪਸਾਰ ਲਈ ਰੁਜ਼ਗਾਰ ਦੇ ਮੌਕਿਆਂ ਨਾਲ ਇਸਦਾ ਜੁੜਨਾ ਬਹੁਤ ਜ਼ਰੂਰੀ ਹੈ। ਸਰਕਾਰੀ ਪੱਧਰ ‘ਤੇ ਲਾਗੂ ਕੀਤੇ ਗਏ ਕਾਨੂੰਨਾਂ ਦੇ ਬਾਵਜੂਦ ਪ੍ਰਸ਼ਾਸਨਿਕ ਅਤੇ ਤਕਨੀਕੀ ਖੇਤਰਾਂ ਵਿੱਚ ਪੰਜਾਬੀ ਦੀ ਪੂਰੀ ਵਰਤੋਂ ਅਜੇ ਬਾਕੀ ਹੈ। ਡਾ. ਜੇ. ਬੀ. ਸੇਖੋਂ ਨੇ ਕਿਹਾ ਕਿ ਬੋਲਚਾਲ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਭਾਵ ਕਾਰਨ ਸ਼ੁੱਧ ਸ਼ਬਦਾਵਲੀ ਅਤੇ ਵਿਆਕਰਣਕ ਨਿਯਮਾਂ ਦੀ ਹੋ ਰਹੀ ਅਣਦੇਖੀ ਅਕਾਦਮਿਕ ਚਿੰਤਾ ਦਾ ਵਿਸ਼ਾ ਹੈ।
ਡਾ. ਧਰਮ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜੋਕੀ ਕਵਿਤਾ, ਕਹਾਣੀ ਅਤੇ ਨਾਵਲ ਵਿੱਚ ਸਮਾਜਿਕ ਯਥਾਰਥ, ਪਰਵਾਸ ਦੇ ਦੁੱਖ-ਦਰਦ, ਗਲੋਬਲਾਈਜ਼ੇਸ਼ਨ ਦੇ ਪ੍ਰਭਾਵ, ਮਾਨਸਿਕ ਉਲਝਣਾਂ ਅਤੇ ਪਛਾਣ ਦੇ ਸੰਕਟ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ।ਇਸ ਸੈਸ਼ਨ ਦਾ ਸੰਚਾਲਨ ਡਾ. ਰਾਜਵਿੰਦਰ ਕੌਰ ਦੁਆਰਾ ਕੀਤਾ ਗਿਆ।




