ਬੀ.ਬੀ.ਕੇ. ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਦੀ ਹੋਈ ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਪਲੇਸਮੈਂਟ

ਅੰਮ੍ਰਿਤਸਰ, 16 ਜੂਨ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਭਾਰਤ ਦੇ ਪ੍ਰਮੁੱਖ ਬੈਂਕਿੰਗ ਅਦਾਰਿਆਂ ਵਿਚੋਂ ਇੱਕ, ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਪਲੇਸਮੈਂਟ ਹਾਸਲ ਕੀਤੀ ਹੈ।ਇਹ ਸਫ਼ਲਤਾ ਸੰਸਥਾ ਦੀ ਅਕਾਦਮਿਕ ਉੱਤਮਤਾ ਅਤੇ ਵਿਦਿਆਰਥਣਾਂ ਨੂੰ ਉਦਯੋਗ ਜਗਤ ਦੇ ਹਾਣ ਦਾ ਬਣਾਉਣ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਕੈਂਪਸ ਪਲੇਸਮੈਂਟ ਡਰਾਈਵ ਵਿਚ ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਅਤੇ ਬੀ.ਏ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਆਪਣੇ ਬੇਹਤਰੀਨ ਹੁਨਰ, ਆਤਮ-ਵਿਸ਼ਵਾਸ ਅਤੇ ਪੇਸ਼ੇਵਰ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਹਿੱਸਾ ਲਿਆ। ਭਰਤੀ ਪ੍ਰਕਿਰਿਆ ਨੂੰ ਬੜੇ ਸੁਚੱਜੇ ਢੰਗ ਨਾਲ਼ ਚਲਾਇਆ ਗਿਆ, ਜਿਸ ਦੀ ਸ਼ੁਰੂਆਤ ਪ੍ਰੀ-ਪਲੇਸਮੈਂਟ ਨਾਲ਼ ਹੋਈ ਅਤੇ ਇਸ ਤੋਂ ਬਾਅਦ ਐਪਟੀਟਿਊਡ ਟੈਸਟ ਅਤੇ ਇੰਟਰਵਿਊ ਦੇ ਕਈ ਦੌਰ ਕਰਵਾਏ ਗਏ।
ਇਸ ਸਖ਼ਤ ਮੁਕਾਬਲੇਬਾਜ਼ੀ ਵਿਚੋਂ 13 ਵਿਦਿਆਰਥਣਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 7 ਵਿਦਿਆਰਥਣਾਂ ਨੇ ਅੰਤਿਮ ਪਲੇਸਮੈਂਟ ਹਾਸਲ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਆਪਣੀ ਸਿਖਲਾਈ ਪੂਰੀ ਹੋਣ ਤੋਂ ਬਾਅਦ, ਇਨ੍ਹਾਂ ਵਿਦਿਆਰਥਣਾਂ ਨੂੰ ਲਗਭਗ 5,00,000 ਰੁਪਏ ਸਾਲਾਨਾ ਦਾ ਪੈਕੇਜ ਆਫਰ ਕੀਤਾ ਜਾਵੇਗਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਸਫਲਤਾ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਸਾਡੀਆਂ ਵਿਦਿਆਰਥਣਾਂ ਦੀ ਲਗਨ, ਦ੍ਰਿੜਤਾ ਅਤੇ ਪਲੇਸਮੈਂਟ ਸੈੱਲ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਰੁਜ਼ਗਾਰ ਦੇ ਬਿਹਤਰੀਨ ਮੌਕੇ ਸਿਰਜਣ ਅਤੇ ਉਦਯੋਗ-ਅਕਾਦਮਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪਲੇਸਮੈਂਟ ਸੈੱਲ ਦੀ ਸ਼ਲਾਘਾ ਕੀਤੀ।
ਪਲੇਸਮੈਂਟ ਡੀਨ ਸ਼੍ਰੀ ਮਨੋਜ ਪੁਰੀ ਨੇ ਵੀ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ।



